ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੋਦੀ ਸਰਕਾਰ ਦਾ ਬਜਟ ਬੇਹੱਦ ਪਸੰਦ ਆਇਆ ਹੈ। ਬੇਸ਼ੱਕ ਪੰਜਾਬ ਦੇ ਆਰਥਿਕ ਮਾਹਿਰਾਂ ਤੇ ਕਿਸਾਨ ਜਥੇਬੰਦੀਆਂ ਦੀ ਨਜ਼ਰ ਵਿੱਚ ਮੋਦੀ ਸਰਕਾਰ ਦਾ ਬਜਟ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ ਪਰ ਸੁਖਬੀਰ ਬਾਦਲ ਨੇ ਕੇਂਦਰੀ ਬਜਟ ਨੂੰ ਕਿਸਾਨ ਤੇ ਗਰੀਬ ਪੱਖੀ ਕਰਾਰ ਦਿੱਤਾ ਹੈ।


ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਡਿਜੀਟਲੀਕਰਨ, ਬੁਨਿਆਦੀ ਢਾਂਚੇ ਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀਡੀਪੀ ਹਾਸਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ ਹੈ। ਸੁਖਬੀਰ ਨੇ ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 6 ਕਰੋੜ ਕਿਸਾਨਾਂ ਨੂੰ ਦਿੱਤੀ ਬੀਮੇ ਦੀ ਸਹੂਲਤ ਵੀ ਬਹੁਤ ਅਹਿਮ ਕਦਮ ਹੈ।

ਉਨ੍ਹਾਂ ਮੱਛੀ ਪਾਲਣ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਲਈ ਦਿੱਤੀਆਂ ਸਹੂਲਤਾਂ, ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀ ਭਲਾਈ ਲਈ 85 ਹਜ਼ਾਰ ਕਰੋੜ ਰੁਪਏ ਰੱਖੇ ਜਾਣ ਤੇ ਪੰਜ ਲੱਖ ਤੋਂ ਵੱਧ ਛੋਟੇ ਕਾਰੋਬਾਰਾਂ ਨੂੰ ਰਿਆਇਤੀ ਕਰਜ਼ੇ ਦੇਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਲੱਖ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਦੀ ਸਹੂਲਤ ਦੇਣ ਦਾ ਫ਼ੈਸਲਾ ਪਿੰਡਾਂ ਦਾ ਡਿਜੀਟਲੀਕਰਨ ਕਰ ਦੇਵੇਗਾ ਜਿਸ ਦਾ ਫਾਇਦਾ ਨੌਜਵਾਨਾਂ ਨੂੰ ਮਿਲੇਗਾ।

ਉਨ੍ਹਾਂ ਕਿਹਾ ਕਿ ਨਵੇਂ ਆਰਥਿਕ ਲਾਂਘੇ ਬਣਾ ਕੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ, ਇਸਤਰੀਆਂ ਨਾਲ ਸਬੰਧਤ ਪ੍ਰੋਗਰਾਮਾਂ ਲਈ 28,600 ਕਰੋੜ ਰੁਪਏ ਰਾਖਵੇਂ ਰੱਖਣਾ, ਸਰਕਾਰੀ ਕੰਮ ਕਾਜ ਨੂੰ ਪਾਰਦਰਸ਼ੀ ਬਣਾਉਣਾ ਤੇ ਹਵਾ ਪ੍ਰਦੂਸ਼ਣ ਨੂੰ ਨਕੇਲ ਪਾਉਣ ਲਈ ਫੰਡ ਰਾਖਵੇਂ ਰੱਖਣਾ ਆਦਿ ਸ਼ਲਾਘਾਯੋਗ ਕਦਮ ਹਨ।