ਚੰਡੀਗੜ੍ਹ: ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਹਨ। ਅਕਾਲੀ ਦਲ ਆਪਣੀ ਸਾਖ ਬਹਾਲ ਕਰਨ ਲਈ ਵੱਡਾ ਦਾਅ ਖੇਡਣ ਦੇ ਰੌਂਅ ਵਿੱਚ ਹੈ। ਅਕਾਲੀ ਦਲ ਦੇ ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਹਵਾ ਆਪਣੇ ਪੱਖ 'ਚ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖੁਦ ਮੈਦਾਨ ਵਿੱਚ ਉੱਤਰ ਸਕਦੇ ਹਨ। ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ।


ਇਸ ਦੇ ਨਾਲ ਹੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਬਾਦਲ ਆਪਣੇ ਮੌਜੂਦਾ ਹਲਕੇ ਬਠਿੰਡਾ ਤੋਂ ਹੀ ਚੋਣ ਲੜ ਸਕਦੇ ਹਨ। ਅਕਾਲੀ ਦਲ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਸ ਪੈਂਤੜੇ ਨਾਲ ਇਹ ਦੋ ਸੀਟਾਂ 'ਤੇ ਸਥਿਤੀ ਮਜ਼ਬੂਤ ਹੋਣ ਦੇ ਨਾਲ-ਨਾਲ ਹੋਰ ਸੀਟਾਂ ਉੱਪਰ ਵੀ ਚੰਗਾ ਅਸਰ ਵੇਖਣ ਨੂੰ ਮਿਲੇਗੀ।

ਅਕਾਲੀ ਦਲ ਦੇ ਸੂਤਰਾਂ ਮੁਤਾਬਕ ਲੁਧਿਆਣਾ ਤੇ ਫ਼ਰੀਦਕੋਟ ਹਲਕਿਆਂ ਨੂੰ ਛੱਡ ਕੇ ਬਾਕੀ ਅੱਠ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਤੈਅ ਕਰ ਲਏ ਹਨ। ਅਕਾਲੀ ਦਲ 10 ਤੇ ਭਾਈਵਾਲ ਬੀਜੇਪੀ ਤਿੰਨ ਸੀਟਾਂ 'ਤੇ ਚੋਣ ਲੜ ਰਹੇ ਹਨ। ਪਾਰਟੀ ਦੀ ਨਵੀਂ ਰਣਨੀਤੀ ਮੁਤਾਬਕ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਅਕਾਲੀ ਦਲ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਦੇ ਮੈਂਬਰ ਮੈਦਾਨ ਵਿੱਚ ਉੱਤਰਣ ਨਾਲ ਦੋ ਸੀਟਾਂ ਪੱਕੀਆਂ ਮੰਨੀਆ ਜਾ ਸਕਦੀਆਂ ਹਨ।

ਯਾਦ ਰਹੇ ਪੰਜਾਬ ਦੀ ਸੱਤਾ ’ਤੇ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਰਟੀ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਹੀ ਸੁਖਬੀਰ ਬਾਦਲ ਨੂੰ ਚੋਣ ਮੈਦਾਨ ’ਚ ਉਤਾਰਨ ’ਤੇ ਵਿਚਾਰ ਕੀਤਾ ਗਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਪ੍ਰਧਾਨ ਖੁਦ ਚੋਣ ਮੈਦਾਨ ਵਿੱਚ ਹੋਣਗੇ ਤਾਂ ਕਈ ਤਰ੍ਹਾਂ ਦੇ ਸਮੀਕਰਨ ਬਦਲਣ ਦਾ ਅਨੁਮਾਨ ਹੈ।