ਚੰਡੀਗੜ੍ਹ: ਸੋਸ਼ਲ ਮੀਡੀਆ ਉੱਪਰ ਸੁਖਬੀਰ ਬਾਦਲ ਦਾ ਖੂਬ ਮਖੌਲ ਉੱਡ ਰਿਹਾ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਵੀ ਘਰੇ ਕੋਈ ਨਹੀਂ ਪੁੱਛਦਾ ਤੇ ਉਹ ਧਰਨਿਆਂ ਦੇ ਰਾਹ ਪੈ ਗਏ ਹਨ। ਦਰਅਸਲ ਸੱਤਾ ਵਿੱਚ ਰਹਿੰਦਿਆਂ ਸਖਬੀਰ ਬਾਦਲ ਦਾਅਵਾ ਕਰਦੇ ਸੀ ਕਿ ਜਿਨ੍ਹਾਂ ਨੂੰ ਘਰ ਕੋਈ ਪੁੱਛਦਾ ਨਹੀਂ, ਉਹ ਧਰਨਿਆਂ ਵਿੱਚ ਪਹੁੰਚ ਜਾਂਦੇ ਹਨ। ਅੱਜ ਸੁਖਬੀਰ ਬਾਦਲ ਖੁਦ ਧਰਨਿਆਂ ਦੇ ਰਾਹ ਪਏ ਹਨ। ਇਸ ਲਈ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖੂਬ ਟਿੱਚਰਾਂ ਕਰ ਰਹੇ ਹਨ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੰਕਟ ਵਿੱਚੋਂ ਉਭਾਰਨ ਲਈ ਸੁਖਬੀਰ ਬਾਦਲ ਜ਼ੋਰਸ਼ੋਰ ਨਾਲ ਮੈਦਾਨ ਵਿੱਚ ਉੱਤਰ ਰਹੇ ਹਨ। ਸੁਖਬੀਰ ਬਾਦਲ ਇਸ ਵਾਰ ਅਕਾਲੀ ਦਲ ਦੀ ਰਿਵਾਇਤੀ ਰਣਨੀਤੀ ਤਹਿਤ ਧਰਨੇ-ਮੁਜ਼ਾਹਰਿਆਂ ਰਾਹੀਂ ਵਰਕਰਾਂ ਦਾ ਜੋਸ਼ ਵਧਾਉਣ ਦੀ ਕੋਸ਼ਿਸ਼ ਕਰਨਗੇ। ਅਕਾਲੀ ਦਲ ਨੇ 15 ਜ਼ਿਲ੍ਹਿਆਂ ਵਿੱਚ ਰੋਸ ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਹੈ।

ਅਕਾਲੀ ਦਲ ਦੇ ਸੂਤਰਾਂ ਮੁਤਾਬਕ ਕਾਂਗਰਸ ਸਰਕਾਰ ਖ਼ਿਲਾਫ਼ ‘ਰੋਸ ਧਰਨਿਆਂ ਦੀ ਲਹਿਰ’ ਹੋਰ ਤੇਜ਼ ਕਰਨ ਤੇ 15 ਜ਼ਿਲ੍ਹਿਆਂ ਵਿੱਚ 13 ਫਰਵਰੀ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 11 ਅਪਰੈਲ ਨੂੰ ਮੁਹਾਲੀ ਵਿੱਚ ਸਮਾਪਤ ਹੋਣ ਵਾਲੇ ਧਰਨਿਆਂ ਦੀਆਂ ਤਰੀਕਾਂ ਸਬੰਧੀ ਵੀ ਫ਼ੈਸਲਾ ਲੈ ਲਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਧਰਨਿਆਂ ਦੀ ਅਗਵਾਈ ਕਰਨਗੇ ਤੇ ਇਨ੍ਹਾਂ ਵਿੱਚ ਸੀਨੀਅਰ ਲੀਡਰਸ਼ਿਪ ਸ਼ਮੂਲੀਅਤ ਕਰੇਗੀ।

ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 13 ਫਰਵਰੀ, ਫਿਰੋਜ਼ਪੁਰ ਵਿੱਚ 25 ਫਰਵਰੀ, ਬਠਿੰਡਾ ਵਿੱਚ 29 ਫਰਵਰੀ, ਤਰਨ ਤਾਰਨ ਵਿੱਚ 4 ਮਾਰਚ, ਮਾਨਸਾ ਵਿਚ 7 ਮਾਰਚ, ਆਨੰਦਪੁਰ ਸਾਹਿਬ ’ਚ ਹੋਲਾ ਮਹੱਲਾ ਕਾਨਫਰੰਸ 9 ਮਾਰਚ ਨੂੰ, ਫਾਜ਼ਿਲਕਾ ਵਿੱਚ ਧਰਨਾ 10 ਮਾਰਚ, ਹੁਸ਼ਿਆਰਪੁਰ ਵਿੱਚ 14 ਮਾਰਚ, ਲੁਧਿਆਣਾ ਵਿੱਚ 15, ਕਪੂਰਥਲਾ ਵਿੱਚ 18, ਫਤਿਹਗੜ੍ਹ ਸਾਹਿਬ ਵਿੱਚ 21, ਨਵਾਂਸ਼ਹਿਰ ਵਿੱਚ 23, ਪਠਾਨਕੋਟ ਵਿੱਚ 28, ਜਲੰਧਰ ਵਿੱਚ 29 ਮਾਰਚ, ਗੁਰਦਾਸਪੁਰ ਵਿੱਚ 4 ਅਪਰੈਲ ਤੇ ਮੁਹਾਲੀ ਵਿੱਚ 11 ਅਪਰੈਲ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ।