ਬਰਨਾਲਾ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਿਰਫ ਢੌਂਗ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਏ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਮਰਿਆਦਾ ਕੁਝ ਵੀ ਨਹੀਂ ਪਤਾ ਉਹ ਤਾਂ ਸਿਰਫ ਬਰਤਨ ਸਾਫ ਕਰਨ ਦਾ ਢੌਂਗ ਕਰਕੇ ਚਲੇ ਗਏ ਹਨ। ਸੁਖਬੀਰ ਬਾਦਲ ਕੇਜਰੀਵਾਲ ਦੀ ਭੁੱਲ਼ ਬਖਸ਼ਾਉਣ 'ਤੇ ਵੀ ਖੁਸ਼ ਨਹੀਂ ਹਨ।
ਸੁਖਬੀਰ ਅੱਜ ਬਰਨਾਲਾ ਵਿੱਚ ਗਰੀਬਾਂ ਨੁੰ ਆਟਾ ਦਾਲ ਸਕੀਮ ਤਹਿਤ ਨਵੇਂ ਕਾਰਡ ਵੰਡਣ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਭਪਾਤਰੀਆਂ ਨੂੰ ਨੀਲੇ ਕਾਰਡ ਦੇਣ ਦੀ ਸ਼ੁਰੂਆਤ ਅੱਜ ਬਰਨਾਲਾ ਤੋਂ ਕੀਤੀ ਹੈ। ਇਸ ਮੌਕੇ ਉਨ੍ਹਾਂ ਜਿੱਥੇ ਕੈਪਟਨ ਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲਿਆ ਉੱਥੇ ਹੀ ਮੁੜ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ।
ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਸੁਖਬੀਰ ਬਾਦਲ ਨੇ ਦੱਸਿਆ ਕਿ ਲੋੜਵੰਦਾਂ ਨੁੰ ਸਸਤਾ ਅਨਾਜ ਹੁਣ ਡਿਪੂਆਂ ਰਾਹੀਂ ਨਹੀਂ ਸਗੋਂ ਵਲੰਟੀਅਰਾਂ ਰਾਹੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕੇਜਰੀਵਾਲ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਕੀਤੀ ਗਈ ਸੇਵਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।
ਉਨ੍ਹਾਂ ਪਠਾਨਟਕੋਟ ਅੱਤਵਾਦੀ ਹਮਲੇ ਸਬੰਧੀ ਕੇਂਦਰ ਵੱਲੋਂ ਭੇਜੇ ਬਿੱਲ ਨੂੰ ਮਾਫ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਹਿ ਚੁੱਕੀ ਹੈ ਕਿਅੱਤਵਾਦ ਸੂਬੇ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਮੁੱਦਾ ਹੈ। ਇਸ ਲਈ ਬਿੱਲ ਕੇਂਦਰ ਸਰਕਾਰ ਨੂੰ ਹੀ ਭਰਨਾ ਚਾਹੀਦਾ ਹੈ।