ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਹਾਰ ਉਨ੍ਹਾਂ ਦੀ ਆਪਣੀ ਸੀਟ ਪਟਿਆਲਾ ਤੋਂ ਹੋਏਗੀ। ਦਰਅਸਲ ਅੱਜ ਸੁਖਬੀਰ ਬਾਦਲ ਪਟਿਆਲਾ ਪੁੱਜੇ ਸਨ ਜਿੱਥੇ ਉਨ੍ਹਾਂ ਦੇ ਪਾਰਟੀ ਵਰਕਰਾਂ ਵੱਲੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਲਈ ਅਰਦਾਸ ਕਰਵਾਈ ਗਈ। ਉਨ੍ਹਾਂ ਡਾ. ਧਰਮਵੀਰ ਗਾਂਧੀ ਵੱਲੋਂ ਨਵੀਂ ਪਾਰਟੀ ਦੇ ਐਲਾਨ ’ਤੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ।
ਹਰਸਿਮਰਤ ਕੌਰ ਬਾਦਲ ਦੇ ਚੋਣ ਲੜਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਹਾ ਕਿ ਇਹ ਪਾਰਟੀ ਤੇ ਕੋਰ ਕਮੇਟੀ ਤੈਅ ਕਰੇਗੀ ਕਿ ਉਨ੍ਹਾਂ ਨੂੰ ਕਿੱਥੋਂ ਚੋਣਾਂ ਲਈ ਖੜੇ ਕਰਨਾ ਹੈ। ਉਨ੍ਹਾਂ ਕਿਹਾ ਕਿ ਹਾਲੇ ਚੋਣਾਂ ਦੂਰ ਹਨ, ਇਸ ਲਈ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਜਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਬਹਿਬਲ ਕਲਾਂ ਮਾਮਲੇ ਦੀ ਜਾਂਚ ਕਰ ਰਹੀ ਸਿਟ ’ਤੇ ਤੰਜ ਕੱਸਦਿਆਂ ਕਿਹਾ ਕਿ ਸਿਟ ਕਾਂਗਰਸ ਦੀ ਏਜੰਸੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਅਜਿਹੇ ਕੰਮ ਕਰ ਰਹੇ ਹਨ ਜਿਵੇਂ ਉਨ੍ਹਾਂ ਆਪਣਾ ਅਸਤੀਫ਼ਾ ਦੇ ਕੇ ਕਾਂਗਰਸ ਵੱਲੋਂ ਚੋਣ ਲੜਨੀ ਹੋਏ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਇਕ ਭੁਲੱਥ ਸੁਖਪਾਲ ਖਹਿਰਾ ਜਿੱਥੋਂ ਵੀ ਚੋਣ ਲੜਨਗੇ, ਅਕਾਲੀ ਉੱਥੋਂ ਹੀ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰੇਗਾ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਸ ਨੇ ਵੀ ਆਪਣੀ ਜ਼ਮਾਨਤ ਜ਼ਬਤ ਕਰਵਾਉਣੀ ਹੋਏ, ਉਹ ਪਿੜ ਵਿੱਚ ਆ ਜਾਏ। ਗੁਰਦਾਸਪੁਰ ਸੀਟ ਤੋਂ ਸੁਨੀਲ ਜਾਖੜ ਤੇ ਬਾਜਵਾ ਦੀ ਚੋਣ ਲੜਨ ਦੀ ਇੱਛਾ ਬਾਰੇ ਉਨ੍ਹਾਂ ਕਿਹਾ ਕਿ ਦੋਵਾਂ ਦੀ ਕੁਸ਼ਤੀ ਕਰਵਾ ਲਉ, ਜੋ ਜਿੱਤ ਗਿਆ ਉਹੀ ਠੀਕ ਹੈ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ ਜਿਸ ਤੋਂ ਗੁਆਂਢੀ ਦੇਸ਼ਾਂ ਨੂੰ ਡਰ ਲੱਗੇ। ਇਸ ਲਈ ਨਰੇਂਦਰ ਮੋਦੀ ਸਹੀ ਪੀਐਮ ਹਨ। ਉਨ੍ਹਾਂ ਕਿਹਾ ਕਿ ਜੇ ਰਾਹੁਲ ਗਾਂਧੀ ਨੂੰ ਪਾਕਿਸਤਾਨ ਨੇ ਦਬਕਾ ਹੀ ਮਾਰ ਦਿੱਤਾ ਤਾਂ ਉਹ ਡਰ ਕੇ ਅੰਦਰ ਵੜ ਜਾਣਗੇ ਜਦਕਿ ਨਰੇਂਦਰ ਮੋਦੀ ਦਲੇਰ ਤੇ ਹਿੰਮਤੀ ਪ੍ਰਧਾਨ ਮੰਤਰੀ ਹਨ।