ਨਵੀਂ ਦਿੱਲੀ: ਅਕਾਲੀ ਦਲ ਦੇ ਵਫਦ ਨੇ ਦਿੱਲੀ ਦੇ ਸੰਸਦ ਭਵਨ ਵਿੱਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦੇਣ ਵਾਲੇ ਮੁੱਖ ਗਵਾਹ ਨਿਰਪ੍ਰੀਤ ਕੌਰ, ਜਗਦੀਸ਼ ਕੌਰ ਤੇ ਜਗਸ਼ੇਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਪੀਐਮ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰਾਨ ਪੀਐਮ ਸਾਹਮਣੇ ਕਤਲੇਆਮ ਕੇਸਾਂ ਦੇ ਗਵਾਹਾਂ ਦੀ ਸੁਰੱਖਿਆ ਦੀ ਮੰਗ ਚੁੱਕੀ ਗਈ।

ਇਸ ਤੋਂ ਇਲਾਵਾ ਅਕਾਲੀ ਦਲ ਨੇ ਰਾਜੀਵ ਗਾਂਧੀ ਦੇ ਨਾਂ ’ਤੇ ਬਣੇ ਸਾਰੇ ਹਸਪਤਾਲ ਜਾਂ ਵਿਦਿਅਕ ਅਦਾਰਿਆਂ ਤੋਂ ਰਾਜੀਵ ਗਾਂਧੀ ਦਾ ਨਾਂ ਹਟਾਉਣ ਦੀ ਵੀ ਮੰਗ ਰੱਖੀ। ਉਨ੍ਹਾਂ ਕਿਹਾ ਕਿ 1984 ਦੇ ਕਤਲੇਆਮ ਵਿੱਚ ਰਾਜੀਵ ਗਾਂਧੀ ਦਾ ਵੀ ਹੱਥ ਸੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਵੀ ਮੌਜੂਦ ਸਨ।

ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਮੌਕੇ ਕਿਹਾ ਕਿ 1984 ਦੇ ਗਵਾਹਾਂ ਨੇ ਲੰਮਾ ਸੰਘਰਸ਼ ਕੀਤਾ। ਉਨ੍ਹਾਂ ਦੱਸਿਆ ਕਿ ਗਵਾਹਾਂ ਨੇ ਪੀਐਮ ਸਾਹਮਣੇ ਸਾਰੀ ਗੱਲ ਰੱਖੀ। ਅਕਾਲੀ ਦਲ ਦੇ ਇਸ ਵਫ਼ਦ ਵਿੱਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਮਨਜੀਤ ਸਿੰਘ ਜੀਕੇ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਸਨ।