ਫ਼ਿਰੋਜ਼ਪੁਰ: ਫੇਸਬੁੱਕ `ਤੇ ਲਾਈਵ ਹੋ ਕੇ ਦੋ ਕਤਲਾਂ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਵਿੱਕੀ ਸੈਮੂਅਲ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਵਿੱਕੀ ਸੈਮੂਅਲ ਪੁਲਿਸ ਨੂੰ ਕਰੀਬ 20 ਕੇਸਾਂ ਵਿੱਚ ਲੋੜੀਂਦਾ ਸੀ। ਸੈਮੂਅਲ ਦੇ ਸਬੰਧ ਖ਼ਤਰਨਾਕ ਬਦਮਾਸ਼ ਸੁਖਪ੍ਰੀਤ ਬੁੱਢਾ ਨਾਲ ਵੀ ਦੱਸੇ ਜਾਂਦੇ ਹਨ।

ਦਰਅਸਲ, ਕੁਝ ਮਹੀਨੇ ਪਹਿਲਾਂ ਜੇਲ੍ਹ ਤੋਂ ਪੈਰੋਲ `ਤੇ ਆਏ ਜੱਗੇ ਦੀ ਜਾਨ ਲੈਣ ਆਏ ਗੈਂਗਸਟਰ ਨੇ ਸੋਨੂੰ ਤੇ ਹਰਜਿੰਦਰ ਨਾਂ ਦੇ ਵਿਅਕਤੀਆਂ ਦਾ ਮੌਕੇ `ਤੇ ਕਤਲ ਕਰ ਦਿੱਤਾ ਸੀ। ਕਤਲ ਮਗਰੋਂ ਇਸ ਦੀ ਜ਼ਿੰਮੇਵਾਰ ਲੈਂਦਿਆਂ ਵਿੱਕੀ ਸੈਮੂਲਰ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਾਰੀ ਘਟਨਾ ਦੱਸੀ ਸੀ।

ਆਈਜੀ ਫ਼ਿਰੋਜ਼ਪੁਰ ਐਮ.ਐਸ. ਛੀਨਾ ਨੇ ਦੱਸਿਆ ਕਿ ਵਿੱਕੀ ਸੈਮੂਅਲ `ਤੇ ਦੋ ਕਤਲਾਂ ਸਮੇਤ ਤਕਰੀਬਨ 20 ਮਾਮਲੇ ਦਰਜ ਹਨ, ਪਰ ਇਸ ਦੇ ਸਬੰਧ ਮਾਲਵਾ ਵਿਚ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਸੁਖਪ੍ਰੀਤ ਬੁੱਢਾ ਨਾਲ ਵੀ ਸਾਹਮਣੇ ਆਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਂਗਸਟਰ ਵਿੱਕੀ ਸੈਮੂਅਲ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।