ਸੇਵਾ ਸਿੰਘ ਵਿਰਕ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਸਿਆਸੀ ਪੈਂਤੜੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਅਸਤੀਫੇ ਦੀ ਪੇਸ਼ਕਸ਼ ਕੀਤੀ ਤੇ ਸੋਮਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਆਪਣੇ ਅਹੁਦੇ ਨੂੰ ਹੋਰ ਪੱਕਾ ਕਰ ਲਿਆ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਲਏ। ਉਨ੍ਹਾਂ ਅਸਤੀਫੇ ਦੀ ਪੇਸ਼ਕਸ਼ ਕਰਕੇ ਇਹ ਸੰਕੇਤ ਦਿੱਤਾ ਕਿ ਉਹ ਪਾਰਟੀ ਦੇ ਏਕੇ ਲਈ ਅਹੁਦਾ ਛੱਡਣ ਲਈ ਵੀ ਤਿਆਰ ਹਨ। ਦੂਜੇ ਪਾਸੇ ਕੋਰ ਕਮੇਟੀ ਤੋਂ ਮੋਹਰ ਲਵਾ ਕੇ ਬਾਗੀਆਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਕਿ ਅਜੇ ਸਭ ਕੁਝ ਉਨ੍ਹਾਂ ਦੀ ਮੁੱਠੀ ਵਿੱਚ ਹੀ ਹੈ।

ਦਰਅਸਲ ਸੁਖਬੀਰ ਬਾਦਲ ਨੇ ਜਦੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਸਭ ਹੈਰਾਨ ਸੀ ਕਿ ਸ਼ਾਇਦ ਟਕਸਾਲੀ ਲੀਡਰਾਂ ਦੇ ਰੋਸ ਕਰਕੇ ਉਹ ਅਹੁਦੇ ਤੋਂ ਲਾਂਭੇ ਹੋਣ ਲਈ ਤਿਆਰ ਹਨ। ਉਂਝ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਟਕਸਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸੁਖਬੀਰ ਬਾਦਲ ਅਹੁਦਾ ਕਦੇ ਨਹੀਂ ਛੱਡਣਗੇ। ਸੋਮਵਾਰ ਨੂੰ ਠੀਕ ਇਹ ਪੈਂਤੜਾ ਵਰਤਦਿਆਂ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੇ ਮੈਂਬਰਾਂ ਤੋਂ ਆਪਣੀ ਪ੍ਰਧਾਨਗੀ 'ਤੇ ਮੋਹਰ ਲਵਾ ਲਈ। ਸੁਖਬੀਰ ਬਾਦਲ ਨੇ ਵਿਰੋਧ ਕਰਨ ਵਾਲੇ ਲੀਡਰਾਂ ਨੂੰ ਮੀਟਿੰਗ ਵਿੱਚ ਬੁਲਾਇਆ ਹੀ ਨਹੀਂ। ਦੂਜੇ ਪਾਸੇ ਮੀਟਿੰਗ ਵਿੱਚ ਆਪਣੇ ਹਮਾਇਤੀਆਂ ਨਾਲ ਸੁਖਬੀਰ ਬਾਦਲ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਦੱਸ ਦਿੱਤਾ ਕਿ ਪਾਰਟੀ ਅਜੇ ਉਨ੍ਹਾਂ ਦੇ ਹੀ ਹੱਥ ਵਿੱਚ ਹੈ।

ਸੁਖਬੀਰ ਬਾਦਲ ਦੇ ਹੱਕ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਕਿਰਪਾਲ ਸਿੰਘ ਬਡੂੰਗਰ, ਅਵਤਾਰ ਸਿੰਘ ਮੱਕੜ, ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਬੀਬੀ ਉਪਿੰਦਰਜੀਤ ਕੌਰ, ਸ਼ਰਨਜੀਤ ਸਿੰਘ ਢਿੱਲੋਂ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਹਰੀ ਸਿੰਘ ਜ਼ੀਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ ਡਟੇ। ਖਾਸ ਗੱਲ ਇਹ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦ ਰਹੇ। ਇਸ ਤੋਂ ਪਹਿਲਾਂ ਉਹ ਕਈ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਏ ਸਨ।

ਸੁਖਬੀਰ ਬਾਦਲ ਦੇ ਇਸ ਸ਼ਕਤੀ ਪ੍ਰਦਰਸ਼ਨ ਨਾਲ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਦੀ ਸਰਦਾਰੀ ਕਾਇਮ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਸੁਖਬੀਰ ਬਾਦਲ ਸੀਨੀਅਰ ਲੀਡਰਾਂ ਨੂੰ ਹੋਰ ਅਹੁਦੇ ਦੇ ਕੇ ਆਪਣੇ ਨਾਲ ਵਫਦਾਰੀ ਪੱਕੀ ਕਰਨਗੇ। ਬਾਦਲ ਪਰਿਵਾਰ ਨੇ ਬਾਗੀਆਂ ਨਾਲ ਕੋਈ ਰਾਬਤਾ ਨਾ ਕਰਕੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੋ ਉਨ੍ਹਾਂ ਤੋਂ ਬਾਹਰ ਜਾਏਗਾ, ਉਨ੍ਹਾਂ ਦਾ ਹਾਲ ਟੌਹੜਾ ਤੇ ਬਰਨਾਲਾ ਪਰਿਵਾਰ ਵਾਲਾ ਹੀ ਹੋਏਗਾ।