ਚੰਡੀਗੜ੍ਹ: ਹਰੀਕੇ ਪੱਤਣ 'ਚ ਚਲਾਈ ਜਲ ਬੱਸ ਨਾਲ ਪਏ ਘਾਟੇ ਦੀ ਭਰਪਾਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਕੋਲੋਂ ਕੀਤੀ ਜਾਵੇ ਕਿਉਂਕਿ ਇਹ ਉਨ੍ਹਾਂ ਦੀ ਹੀ ਜ਼ਿੱਦ ਦਾ ਨਤੀਜਾ ਹੈ। ਇਹ ਮੰਗ 'ਆਪ' ਵਿਧਾਇਕ ਅਮਨ ਅਰੋੜਾ ਨੇ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਰੀਕੇ ਪੱਤਣ 'ਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਸ਼ੁਰੂ ਕਰਵਾਈ ਗਈ 'ਜਲ ਬੱਸ' ਨੂੰ ਘਾਟੇ ਦਾ ਸੌਦਾ ਦੱਸ ਕੇ ਨਿਲਾਮ ਕਰਨ ਦਾ ਫ਼ੈਸਲਾ ਦਰੁਸਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ ਕਿ 'ਜਲ ਬੱਸ' ਦਾ ਪ੍ਰੋਜੈਕਟ ਸੁਖਬੀਰ ਬਾਦਲ ਦੇ ਮੂੰਹੋਂ ਨਿਕਲੇ 'ਜੁਮਲੇ' ਨੂੰ ਪੁਗਾਉਣ ਦੀ ਜ਼ਿੱਦ ਵਾਲਾ ਪ੍ਰੋਜੈਕਟ ਹੈ।
ਅਰੋੜਾ ਨੇ ਮੰਗ ਕੀਤੀ ਕਿ ਪੰਜਾਬ ਦੇ ਖ਼ਜ਼ਾਨੇ 'ਤੇ ਕਰੋੜਾਂ ਰੁਪਏ ਦਾ ਬੇਵਜ੍ਹਾ ਬੋਝ ਪਾਉਣ ਲਈ ਮੁੱਖ ਜ਼ਿੰਮੇਵਾਰ ਸੁਖਬੀਰ ਬਾਦਲ ਕੋਲੋਂ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਫ਼ਰਜ਼ ਦੀ ਪੂਰਤੀ ਕੇਵਲ 'ਜਲ ਬੱਸ' ਨਿਲਾਮ ਕਰਾਉਣ ਤੱਕ ਨਹੀਂ ਸਗੋਂ ਸੁਖਬੀਰ ਬਾਦਲ ਕੋਲੋਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਨਾਲ ਹੋਵੇਗੀ।