ਚੰਡੀਗੜ੍ਹ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵਾਰ ਮੁੜ ਬਾਦਲ ਪਰਿਵਾਰ ਨੂੰ ਕਸੂਤਾ ਫਸਾ ਦਿੱਤਾ ਹੈ। ਬੇਸ਼ੱਕ ਉਨ੍ਹਾਂ ਨੇ ਅਕਾਲੀ ਦਲ ਛੱਡਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ ਪਰ ਬਾਦਲ ਪਰਿਵਾਰ ਖਿਲਾਫ ਭੜਾਸ ਜ਼ਰੂਰ ਕੱਢੀ ਹੈ। ਢੀਂਡਸਾ 14 ਦਸੰਬਰ ਨੂੰ ਹੋਰ ਟਕਸਾਲੀ ਲੀਡਰਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਹਾੜਾ ਮਨਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਇਸ ਮੌਕੇ ਅਕਾਲੀ ਦਲ ਅੰਦਰਲੀਆਂ ਕਮੀਆਂ ਦਾ ਲੇਖਾ-ਜੋਖਾ ਕੀਤਾ ਜਾਏਗਾ।

ਢੀਂਡਸਾ ਸਪਸ਼ਟ ਕਹਿ ਰਹੇ ਹਨ ਕਿ ਅਕਾਲੀ ਦਲ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੈ। ਇੱਕ ਪਰਿਵਾਰ ਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮਾਂ ਵਿੱਚ ਦਖਲ ਦੇ ਰਿਹਾ ਹੈ। ਇਸ ਕਰਕੇ ਹੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਮੁੱਦਿਆਂ 'ਤੇ ਚਰਚਾ ਕਰਕੇ ਰਣਨੀਤੀ ਬਣਾਈ ਜਾਏਗੀ। ਢੀਂਡਸਾ ਦੀਆਂ ਬੇਬਾਕ ਟਿੱਪਣੀਆਂ ਨੇ ਬਾਦਲ ਪਰਿਵਾਰ ਦੀਆਂ ਨੀਂਦਰਾਂ ਉਡਾ ਦਿੱਤੀਆਂ ਹਨ।

ਬੇਸ਼ੱਕ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਇਹ ਮੁੱਦੇ ਉਠਾਏ ਜਾ ਰਹੇ ਸੀ ਪਰ ਢੀਂਡਸਾ ਵੱਲੋਂ ਪਾਰਟੀ ਦੇ ਅੰਦਰ ਰਹਿੰਦੇ ਹੋਏ ਹੀ ਮੁੜ ਚਰਚਾ ਛੇੜਨ ਨਾਲ ਅਕਾਲੀ ਹਲਕਿਆਂ ਵਿੱਚ ਹਿੱਲਜੁਲ ਹੋ ਗਈ ਹੈ। ਢੀਂਡਸਾ ਨੇ ਕਿਹਾ ਹੈ ਕਿ ਸਥਾਪਨਾ ਦਿਵਸ ਮੌਕੇ ਇਕੱਤਰ ਹੋਣ ਦਾ ਇੱਕੋ ਮਕਸਦ ਅੱਜ ਤੋਂ 99 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਸਿਧਾਂਤਾਂ ਤੇ ਸੋਚ ਨੂੰ ਲੈ ਕੇ ਹੋਂਦ ’ਚ ਆਇਆ ਸੀ, ਦੇ ਫਲਸਫ਼ੇ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਸਾਰੇ ਅਕਾਲੀ ਹੀ ਸ਼ਾਮਲ ਹੋਣਗੇ ਤੇ ਸਭਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਪਾਰਟੀ ਅੰਦਰ ਜਮਹੂਰੀਅਤ ਬਹਾਲ ਹੋਣੀ ਚਾਹੀਦੀ ਹੈ ਤੇ ਜੋ ਵੀ ਫੈਸਲੇ ਹੋਣ ਉਹ ਜਮਹੂਰੀ ਢੰਗ ਨਾਲ ਲੈ ਕੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾਵੇ।

ਦਿਲਚਸਪ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 14 ਦਸੰਬਰ ਨੂੰ ਹੀ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਢੀਆਂ ਗਈਆਂ ਹਨ। ਇਸੇ ਦਿਨ ਸੁਖਬੀਰ ਬਾਦਲ ਨੂੰ ਮੁੜ ਤੋਂ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਦੇ ਵੀ ਆਸਾਰ ਹਨ। ਦੂਜੇ ਪਾਸੇ ਟਕਸਾਲੀ ਲੀਡਰਾਂ ਵੱਲੋਂ ਬਾਗੀ ਸੁਰਾਂ ਛੇੜਨ ਕਰਕੇ ਬਾਦਲ ਪਰਿਵਾਰ ਲਈ ਸਥਿਤੀ ਕਸੂਤੀ ਬਣ ਗਈ ਹੈ। ਇਹ ਵੀ ਚਰਚਾ ਹੈ ਕਿ ਇਸ ਦਿਨ ਕੁਝ ਹੋਰ ਟਕਸਾਲੀ ਲੀਡਰ ਅਕਾਲੀ ਦਲ ਨੂੰ ਛੱਡ ਸਕਦੇ ਹਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ।