ਢੀਂਡਸਾ ਦੀ ਜ਼ੁਬਾਨ 'ਤੇ ਆਇਆ ਸੱਚ, ਜਥੇਦਾਰ ਗੁਰਬਚਨ ਸਿੰਘ ਨੂੰ ਹਟਾਉਣ ਦੀ ਮੰਗ
ਏਬੀਪੀ ਸਾਂਝਾ | 02 Sep 2018 05:51 PM (IST)
ਚੰਡੀਗੜ੍ਹ: ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਵਿਗੜੇ ਅਕਸ ਨੂੰ ਸੁਧਾਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬੇਸ਼ੱਕ ਟਕਸਾਲੀ ਲੀਡਰਾਂ ਨੂੰ ਅੱਗੇ ਕਰ ਦਿੱਤਾ ਹੈ, ਪਰ ਉਨ੍ਹਾਂ ਦੀ ਇਹ ਚਾਲ ਪੁੱਠੀ ਪੈ ਸਕਦੀ ਹੈ। ਦਰਅਸਲ, ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ 'ਮੁੱਕਦੀ ਗੱਲ' ਵਿੱਚ ਅਕਾਲੀ ਦਲ ਨੂੰ ਉਭਾਰਨ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਸੁਝਾਅ ਦਿੱਤਾ। ਢੀਂਡਸਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣਾ ਗ਼ਲਤ ਸੀ। ਇਸ ਦਾ ਫੈਸਲਾ ਜਥੇਦਾਰਾਂ ਨੇ ਹੀ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੁਆਫ਼ੀ ਗ਼ਲਤ ਸੀ ਤਾਂ ਹੀ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਢੀਂਡਸਾ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ਼ੀ ਦੇ ਕੇ ਜਥੇਦਾਰਾਂ ਨੇ ਗ਼ਲਤੀ ਕੀਤੀ ਸੀ। ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ ਢੀਂਡਸਾ ਨੇ ਇਹ ਵੀ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਲਈ ਕਈ ਵਾਰ ਚਰਚਾ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਗੁਰਮੁਖ ਸਿੰਘ ਦੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਵਾਪਸੀ 'ਤੇ ਢੀਂਡਸਾ ਨੇ ਦੱਸਿਆ ਕਿ ਇਸ 'ਤੇ ਪਾਰਟੀ ਦੇ ਅੰਦਰ ਤੇ ਬਾਹਰ ਇਤਰਾਜ਼ ਹੈ। ਉਨ੍ਹਾਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮਾਹੌਲ ਤਣਾਅਪੂਰਨ ਬਣਾਉਣ ਲਈ ਜ਼ਿੰਮੇਵਾਰ ਡੇਰਾ ਸਿਰਸਾ ਮੁਖੀ ਦੀ ਫ਼ਿਲਮ ਐਮਐਸਜੀ ਨੂੰ ਪੰਜਾਬ 'ਚ ਰਿਲੀਜ਼ ਕਰਨ ਦੇ ਫੈਸਲੇ ਨੂੰ ਵੀ ਗ਼ਲਤ ਕਰਾਰ ਦਿੱਤਾ। ਢੀਂਡਸਾ ਨੇ 'ਏਬੀਪੀ ਸਾਂਝਾ' 'ਤੇ ਜਿੱਥੇ ਬਾਦਲ ਪਰਿਵਾਰ ਵਿਰੁੱਧ ਕਈ ਵਾਰ ਕੀਤੇ, ਉੱਥੇ ਹੀ ਸਾਬਕਾ ਮੁੱਖ ਮੰਤਰੀ ਦਾ ਪੂਰਾ ਬਚਾਅ ਵੀ ਕੀਤਾ। ਉਨ੍ਹਾਂ ਦੱਸਿਆ ਕਿ ਟਕਸਾਲੀ ਆਗੂਆਂ ਨੂੰ ਭੁਲਾਉਣ ਕਾਰਨ ਪਾਰਟੀ ਵਿੱਚ ਬਾਦਲ ਪਰਿਵਾਰ ਵਿਰੁੱਧ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪੁਰਾਣਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਖੁੱਲ੍ਹ ਕੇ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਨ ਵਿੱਚ ਵੀ ਆਏ। ਸਾਬਕਾ ਮੁੱਖ ਮੰਤਰੀ ਦਾ ਨਾਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵਿੱਚ ਆਉਣ ਨੂੰ ਉਨ੍ਹਾਂ ਸਿਰੇ ਤੋਂ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਢੀਂਡਸਾ ਨੇ ਕਿਹਾ ਕਿ ਬਾਦਲ ਸਾਬ੍ਹ ਗੋਲ਼ੀ ਦਾ ਹੁਕਮ ਨਹੀਂ ਦੇ ਸਕਦੇ। ਉਨ੍ਹਾਂ ਗੋਲ਼ੀਕਾਂਡ ਤੋਂ ਪਹਿਲਾਂ ਹਾਲਾਤ ਸੰਭਾਲਣ ਦੀ ਗੁੰਜਾਇਸ਼ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਗ਼ਲਤੀਆਂ ਸਾਰੀਆਂ ਸਰਕਾਰਾਂ ਤੋਂ ਹੁੰਦੀਆਂ ਹਨ ਤੇ ਸਾਡੀ ਸਰਕਾਰ ਤੋਂ ਵੀ ਹੋਈਆਂ। ਉਨ੍ਹਾਂ ਕਿਹਾ ਕਿ ਕੋਟਕਪੂਰਾ 'ਚ ਬੇਅਦਬੀਆਂ ਦੇ ਰੋਸ ਵਿੱਚ ਧਰਨੇ ਲੋਕਾਂ ਨੂੰ ਉਠਾਉਣਾ ਗ਼ਲਤ ਸੀ। ਹਾਲਾਂਕਿ, ਟਕਸਾਲੀ ਲੀਡਰ ਹੁਣ ਜਿੱਥੇ ਬਾਦਲ ਪਰਿਵਾਰ ਦੇ ਬਚਾਅ ਵਿੱਚ ਉੱਤਰ ਆਏ ਹਨ, ਪਰ ਜਿਸ ਤਰ੍ਹਾਂ ਢੀਂਡਸਾ ਬੋਲੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਮਨਾਂ ਵਿੱਚ ਹਾਲੇ ਵੀ ਅਣਗੌਲਿਆ ਕੀਤੇ ਜਾਣ ਦੀ ਚੀਸ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇ ਗੱਲ ਜਥੇਦਾਰਾਂ ਉੱਤੇ ਸੁੱਟਣਾ, ਵਿਧਾਨ ਸਭਾ ਵਿੱਚੋਂ ਵਾਕਆਊਟ ਕਰਨ ਦੀ ਆਲੋਚਨਾ ਕਰਨੀ ਤੇ ਦੋ ਸਾਲ ਪੁਰਾਣੀਆਂ ਗ਼ਲਤੀਆਂ ਬਾਰੇ ਅੱਜ ਬੋਲਣ ਤੋਂ ਸਾਬਤ ਹੁੰਦਾ ਹੈ ਕਿ ਹਾਲੇ ਵੀ ਅਕਾਲੀ ਦਲ 'ਚ ਸਭ ਕੁਝ ਨਾਰਮਲ ਨਹੀਂ ਹੈ।