ਗੁਰਦਾਸਪੁਰ: ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿੱਚ ਫਤਹਿਗੜ੍ਹ ਚੂੜੀਆਂ 'ਤੇ ਇੱਕ ਚੌਕ ਦਾ ਉਦਘਾਟਨ ਕੀਤਾ। ਇਸ ਦੌਰਾਨ ਰੰਧਾਵਾ ਨੇ ਪਾਕਿਸਤਾਨ ਵੱਲੋਂ ਸ਼ਰਧਾਲੂਆਂ 'ਤੇ ਲਾਈ ਗਈ 20 ਡਾਲਰ ਦੀ ਫੀਸ 'ਤੇ ਕਿਹਾ ਕਿ ਜੇ ਵੇਖਿਆ ਜਾਏ ਤਾਂ ਇੰਨੇ ਵੱਡੇ ਕੰਮ ਲਈ ਇਹ ਫੀਸ ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਵੈਸੇ ਵੀ ਹਰ ਕੋਈ ਦੇਸ਼ ਵੀਜ਼ਾ ਫੀਸ ਲੈਂਦਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ 5 ਮੈਂਬਰੀ ਪੈਨਲ ਨਾਲ ਜਲਦ ਕੇਂਦਰ ਸਰਕਾਰ ਨਾਲ ਮੁਲਾਕਾਤ ਕਰ ਕੇ ਇਸ ਫੀਸ ਨੂੰ ਖ਼ਤਮ ਕਰਾਉਣ ਦੀ ਸਿਫ਼ਾਰਿਸ਼ ਕਰਨਗੇ। ਦੱਸ ਦੇਈਏ ਕੈਪਟਨ ਖ਼ੁਦ ਪਾਕਿ ਦੇ ਇਸ ਫੈਸਲੇ ਦੀ ਸਖ਼ਤ ਖ਼ਿਲਾਫ਼ਤ ਕਰ ਰਹੇ ਹਨ।


ਇਸ ਦੌਰਾਨ ਰੰਧਾਵਾ ਨੇ ਅਗਲੀ ਕੈਬਨਿਟ ਮੀਟਿੰਗ ਤੇ ਬਾਕੀ ਵਿਸ਼ਿਆਂ 'ਤੇ ਗੱਲ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਤੋੜੇ ਗਏ ਕਰਤਾਰਪੁਰ ਦਰਸ਼ਨ ਸਥਾਨ ਨੂੰ ਦੁਬਾਰਾ ਬਣਾਇਆ ਜਾਏਗਾ ਤੇ ਇਹ ਦੋ ਮੰਜ਼ਿਲਾ ਇਮਾਰਤ ਪਹਿਲਾਂ ਤੋਂ ਵੀ ਕਾਫੀ ਆਧੁਨਿਕ ਹੋਏਗੀ ਤਾਂ ਜੋ ਲੋਕ ਪਾਸਪੋਰਟ ਦੀ ਵਜ੍ਹਾ ਕਰਕੇ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ, ਉਹ ਦੂਰਬੀਨ ਜ਼ਰੀਏ ਇੱਥੋਂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।


ਮੀਡੀਆ ਨਾਲ ਗੱਲ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਲਾਂਘੇ ਦੇ ਨਿਰਮਾਣ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੀ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ, ਜਿਸ ਵਿੱਚ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਤੇ ਲਾਂਘੇ ਦੇ ਨਿਰਮਾਣ ਨੂੰ ਸਮੇਂ ਸਿਰ ਪੂਰਾ ਕਰਨ ਬਾਰੇ ਵਿਚਾਰ ਕੀਤੀ ਜਾਏਗੀ।