ਪਟਿਆਲਾ: ਸੋਮਵਾਰ ਨੂੰ ਪੰਜਾਬ ਪੁਲਿਸ ਦੇ ਇੱਕ ਏਐਸਆਈ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਡੀਐਸਪੀ ਦੋਸਤ ਨਾਲ ਮਾਮੂਲੀ ਝਗੜੇ ਤੋਂ ਬਾਅਦ ਆਪਣੀ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜਾਂਚ ਤੋਂ ਪਹਿਲਾਂ ਕੁਝ ਕਹਿ ਪਾਉਣਾ ਮੁਸ਼ਕਲ ਹੈ।


ਉਹ ਡੀਐਸਪੀ ਦੀ ਕੋਠੀ ਵਿੱਚ ਰਹਿ ਰਿਹਾ ਸੀ। ਰਾਤ ਨੂੰ ਉੱਥੇ ਹੀ ਕਾਰ ਵਿੱਚ ਉਹ ਲਹੂ-ਲੁਹਾਨ ਹਾਲ ਵਿੱਚ ਪਾਇਆ ਗਿਆ। ਉਸ ਨੂੰ ਕਾਰ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ। ਉੱਥੇ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਚੱਲ ਰਹੀ ਹੈ।


ਮ੍ਰਿਤਕ ਦੀ ਪਛਾਣ 40 ਸਾਲਾ ਏਐਸਆਈ ਹਰਮੇਲ ਸਿੰਘ ਵਜੋਂ ਹੋਈ ਹੈ। ਰਾਜਪੁਰਾ ਨੇੜੇ ਪਿੰਡ ਬਨੂੜ ਦਾ ਰਹਿਣ ਵਾਲਾ ਹਰਮੇਲ ਸਿੰਘ ਪਿਛਲੇ 24 ਸਾਲਾਂ ਤੋਂ ਪੁਲਿਸ ਮੁਲਾਜ਼ਮ ਸੀ। ਉਸ ਨੂੰ ਕੁਝ ਸਮਾਂ ਪਹਿਲਾਂ ਹੀ ਹੌਲਦਾਰ ਤੋਂ ਏਐਸਆਈ ਵਜੋਂ ਤਰੱਕੀ ਦਿੱਤੀ ਗਈ ਸੀ।


ਸੂਤਰਾਂ ਅਨੁਸਾਰ ਹਰਮੇਲ ਸਿੰਘ ਇੱਕ ਪਰਿਵਾਰਕ ਮੈਂਬਰ ਵਜੋਂ ਡੀਐਸਪੀ ਹਰਦੇਵ ਸਿੰਘ ਤਿਤਲੀ ਨਾਲ ਰਹਿੰਦਾ ਸੀ। ਐਤਵਾਰ ਰਾਤ 11 ਵਜੇ ਦੇ ਕਰੀਬ ਉਸ ਨੂੰ ਦੋਸਤ ਦੀ ਕੋਠੀ ਨੇੜੇ ਇੱਕ ਕਾਰ ਵਿੱਚ ਖ਼ੂਨ ਨਾਲ ਲਥਪਥ ਹਾਲਤ ਵਿੱਚ ਮਿਲਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।