ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਉਂਦੀ ਤਿੰਨ ਜਨਵਰੀ ਨੂੰ ਗੁਰਦਾਸਪੁਰ ਵਿੱਚ ਆਪਣੀ ਰੈਲੀ ਲਈ ਆ ਰਹੇ ਹਨ। ਮੋਦੀ ਦੀ ਬੀਤੇ ਕੱਲ੍ਹ ਧਰਮਸ਼ਾਲਾ ਵਾਲੀ ਰੈਲੀ ਤੋਂ ਔਖੇ-ਭਾਰੇ ਹੋਏ ਪੰਜਾਬ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੀਐਮ ਲਈ ਨਵੀਂ ਵੰਗਾਰ ਖੜ੍ਹੀ ਕਰ ਦਿੱਤੀ ਹੈ। ਰੰਧਾਵਾ ਨੇ ਮੋਦੀ ਤੋਂ ਸੂਬੇ ਲਈ ਲੋੜੀਂਦੀਆਂ ਮੰਗਾਂ ਦੀ ਲੰਮੀ ਸੂਚੀ ਤਿਆਰ ਕਰ ਲਈ ਹੈ।
ਰੰਧਾਵਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਮੋਦੀ ਦੀ ਤਿੰਨ ਤਾਰੀਖ਼ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਲਈ ਮੰਗਾਂ ਵਾਲੀ ਲੰਬੀ ਲਿਸਟ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਡੇਰਾ ਬਾਬਾ ਨਾਨਕ ਦੇ ਵਿਕਾਸ ਕਾਰਜ ਕਰਵਾਉਣ ਲਈ 700 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਹਨ। ਰੰਧਾਵਾ ਨੇ ਇਹ ਵੀ ਕਿਹਾ ਕਿ ਉਹ ਮੋਦੀ ਤੋਂ ਰੇਲ ਕੋਚ ਫੈਕਟਰੀ ਲਈ ਜ਼ਮੀਨ ਦੀ ਮੰਗ ਵੀ ਕਰਨਗੇ।
ਇਹ ਵੀ ਪੜ੍ਹੋ: ਰੰਧਾਵਾ ਦਾ ਮੋਦੀ ਨੂੰ ਚੈਲੰਜ, ਝੂਠਾ ਸਾਬਤ ਹੋਣ 'ਤੇ ਦੇਣਗੇ ਅਸਤੀਫ਼ਾ
ਰੰਧਾਵਾ ਨੇ ਮੋਦੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਮੋਦੀ ਡਰਾਮੇਬਾਜ਼ੀ ਬੰਦ ਕਰਨ ਤੇ ਡੇਰਾ ਬਾਬਾ ਨਾਨਕ ਸੇਵਾਦਾਰ ਬਣ ਕੇ ਆਉਣ। ਉਨ੍ਹਾਂ ਕਿਹਾ ਕਿ ਪੀਐਮ ਇੱਥੇ ਆਉਂਦੇ ਹਨ ਤਾਂ ਜੁਮਲੇਬਾਜ਼ੀ ਛੱਡ ਕੇ ਪ੍ਰੈਕਟੀਕਲ ਗੱਲ ਕਰਕੇ ਜਾਣ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੋਦੀ ਨੇ ਆਪਣੀ ਰੈਲੀ ਵਿੱਚ ਕਾਂਗਰਸ ਦੀ ਕਿਸਾਨ ਕਰਜ਼ ਮੁਆਫ਼ੀ 'ਤੇ ਸਵਾਲ ਚੁੱਕੇ ਸਨ, ਜਿਸ 'ਤੇ ਰੰਧਾਵਾ ਨੇ ਤਿੱਖੀ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ ਸੀ।
ਮੋਦੀ ਦੇ ਨਾਲ ਉਨ੍ਹਾਂ ਸੁਖਬੀਰ ਬਾਦਲ 'ਤੇ ਵੀ ਨਿਸ਼ਾਨਾ ਲਾਇਆ। ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਤੇ ਚੰਡੀਗੜ੍ਹ ਦਾ ਮੁਖੀ ਥਾਪੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੁਖਬੀਰ ਤੇ ਮਜੀਠੀਆ ਨੇ ਇਸ ਮਸਲੇ 'ਤੇ ਚੁੱਪੀ ਕਿਉਂ ਧਾਰੀ ਹੋਈ ਹੈ। ਰੰਧਾਵਾ ਨੇ ਕਿਹਾ ਕਿ ਅਭਿਮਨਿਊ ਪਹਿਲਾਂ ਹੀ ਪੰਜਾਬ ਦੇ ਖ਼ਿਲਾਫ਼ ਹੈ ਜੋ ਹਰਿਆਣਾ ਲਈ ਐਸਵਾਈਐਲ ਰਾਹੀਂ ਪੰਜਾਬ ਤੋਂ ਪਾਣੀ ਦੀ ਮੰਗ ਲਈ ਲੜ ਰਿਹਾ ਹੈ।