ਚੰਡੀਗੜ੍ਹ: ਸੀਨੀਅਰ ਕਾਂਗਰਸੀ ਲੀਡਰ ਤੇ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਸਾਥੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਡਟੇ ਹਨ। ਸਿੱਧੂ 'ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ 'ਤੇ ਰੰਧਾਵਾ ਨੇ ਅਕਾਲੀ ਦਲ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ ਭਗਤੀ ਦਾ ਸਰਟੀਫਕੇਟ ਲੈਣ ਦੀ ਲੋੜ ਨਹੀਂ।
ਅਕਾਲੀ ਦਲ ਉੱਤੇ ਵਾਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਭਾਰਤੀ ਸੰਵਿਧਾਨ ਦੀਆਂ ਸ਼ਰ੍ਹੇਆਮ ਕਾਪੀਆਂ ਸਾੜੀਆਂ ਹੋਣ, ਉਹ ਅੱਜ ਰਾਸ਼ਟਰ ਭਗਤੀ ਦਾ ਵਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਂਦ 'ਚ ਆਈ ਸੀ ਤੇ ਆਜ਼ਾਦੀ ਦੀ ਲੜਾਈ ਮੌਕੇ ਇਹ ਇਕੱਲੀ ਅਜਿਹੀ ਪਾਰਟੀ ਸੀ ਜਿਸ ਨੇ ਸੁਤੰਤਰਤਾ ਸੰਗਰਾਮ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ।
ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਪੰਜਾਬ ਵਿੱਚ ਅੱਤਵਾਦੀਆਂ ਦੇ ਭੋਗਾਂ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਦੇਸ਼ ਭਗਤੀ ਕਿਵੇਂ ਯਾਦ ਆ ਗਈ? ਉਨ੍ਹਾਂ ਕਿਹਾ ਕਿ ਬਾਦਲ ਦੇ ਦੋਹਰੇ ਮਿਆਰਾਂ ਕਾਰਨ ਹੀ ਪੰਜਾਬ ਨੂੰ ਲੰਮਾ ਸਮਾਂ ਸੰਤਾਪ ਹੰਢਾਉਣਾ ਪਿਆ।
ਉਨ੍ਹਾਂ ਕਿਹਾ ਕਿ ਇਕੱਲੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਕਾਫੀ ਨਹੀਂ, ਜਿਨ੍ਹਾਂ ਦੇ ਇਸ਼ਾਰਿਆਂ 'ਤੇ ਆਈਜੀ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ, ਉਨ੍ਹਾਂ 'ਤੇ ਵੀ ਕਾਰਵਾਈ ਹੋਣੀ ਜ਼ਰੂਰੀ ਹੈ। ਉਨ੍ਹਾਂ ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ ਸਿੰਘ ਬਾਦਲ) ਤੇ ਉਸ ਵੇਲੇ ਦੇ ਗ੍ਰਹਿ ਮੰਤਰੀ (ਸੁਖਬੀਰ ਬਾਦਲ) ਵਿਰੁੱਧ 302 ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ।