ਚੰਡੀਗੜ੍ਹ: ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਕੈਬਨਿਟ ਮੰਤਰੀ ਨਵਜੋਤ ਸਿੱਧੂ ਬਣ ਗਏ ਹਨ। ਇੱਕ ਪਾਸੇ ਕਾਂਗਰਸ ਦੇ ਲੀਡਰ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਸਿੱਧੂ ਨਾਲ ਡਟ ਗਈਆਂ ਹਨ। ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਸਿੱਧੂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਆਮ ਆਦਮੀ ਪਾਰਟੀ ਨੇ ਸਿੱਧੂ ਦੇ ਬਿਆਨ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਹ ਗੱਲ ਹੀ ਕੇਜਰੀਵਾਲ ਬੋਲ ਰਹੇ ਸੀ। ਸਿੱਧੂ ਨੇ ਸੱਚ ਸਾਹਮਣੇ ਲਿਆਂਦਾ ਹੈ।


ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਸਹੀ ਕਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਮਿਲ ਕੇ ਫਰੈਂਡਲੀ ਮੈਚ ਖੇਡ ਰਹੇ ਹਨ। ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਨੇ ਕਿਹਾ ਕਿ ਸਿੱਧੂ ਇਮਾਨਦਾਰ ਲੀਡਰ ਹਨ। ਉਨ੍ਹਾਂ ਦੇ ਬਿਆਨ ਬਿੱਲਕੁਲ ਸਹੀ ਹਨ। ਸਿੱਧੂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਤੇ ਬਾਦਲਾਂ ਦੀ ਇੱਕੋ ਹੀ ਗੱਲ਼ ਹੈ। ਇਸ ਦਾ ਨੁਕਸਾਨ ਕਾਂਗਰਸ ਨੂੰ ਹੀ ਨਹੀਂ ਬਲਕਿ ਪੰਜਾਬ ਦੀ ਜਨਤਾ ਨੂੰ ਵੀ ਹੋ ਰਿਹਾ ਹੈ।


ਦੂਜੇ ਪਾਸੇ ਕਾਂਗਰਸ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਬ੍ਰਹਮ ਮਹਿੰਦਰਾ ਨੇ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਿੱਧੂ ਨੇ ਪਾਰਟੀ ਖਿਲਾਫ ਬੋਲ ਨੇ ਵੱਡਾ ਨੁਕਸਾਨ ਕੀਤਾ ਹੈ। ਯਾਦ ਰਹੇ ਸਿੱਧੂ ਨੇ ਬਠਿੰਡਾ ਵਿੱਚ ਚੋਣ ਪ੍ਰਚਾਰ ਦੌਰਾਨ ਕੈਪਟਨ ਤੇ ਬਾਦਲਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਤੇ ਫਰੈਂਡਲੀ ਮੈਚ ਚੱਲ ਰਿਹਾ ਰਿਹਾ ਹੈ। ਇਸ ਮਗਰੋਂ ਕਾਂਗਰਸ ਵਿੱਚ ਭੂਚਾਲ ਆਇਆ ਹੋਇਆ ਹੈ।
ਉਧਰ, ਅਕਾਲੀ ਲੀਡਰ ਇਸ ਤੋਂ ਬਚਦੇ ਦਿਖਾਈ ਦਿੰਦੇ ਹਨ। ਅਕਾਲੀ ਲੀਡਰ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਹਰ ਸਿਆਸਤਦਾਨ ਲਈ ਪਾਰਟੀ ਵੱਡੀ ਹੁੰਦੀ ਹੈ। ਪਾਰਟੀ ਤੋਂ ਅਲੱਗ ਹੋ ਕੇ ਕੋਈ ਵੀ ਲੀਡਰ ਵੱਡਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹਰ ਗੱਲ ਕਹਿਣ ਦਾ ਇੱਕ ਸਹੀ ਸਮਾਂ ਵੀ ਹੁੰਦਾ ਹੈ।