ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਰਾਜਾਸਾਂਸੀ ਦੇ ਅਦਲੀਵਾਲ 'ਚ ਨਿਰੰਕਾਰੀ ਭਵਨ ਤੇ ਮੌੜ ਬੰਬ ਧਮਾਕਿਆਂ ਬਾਰੇ ਪੰਜਾਬ ਸਰਕਾਰ ਨੂੰ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਖੁਦ ਮਹਿੰਗੀਆਂ ਤੇ ਸੁਰੱਖਿਅਤ ਗੱਡੀਆਂ ਵਿੱਚ ਘੁੰਮਦੇ ਹਨ ਪਰ ਲੋਕਾਂ ਨੂੰ ਅਪਰਾਧੀਆਂ ਦੇ ਹਵਾਲੇ ਕੀਤਾ ਹੋਇਆ ਹੈ।

ਖਹਿਰਾ ਅੱਜ ਆਪਣੇ ਹਮਾਇਤੀ ਸੁਰੇਸ਼ ਸ਼ਰਮਾ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਸ਼ਰਮਾ ਨੂੰ ਕੱਲ੍ਹ ਸ਼ਾਮ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਖਹਿਰਾ ਨੇ ਕਿਹਾ ਸ਼ਰਮਾ 'ਤੇ ਹਮਲਾ ਬੁਜ਼ਦਿਲੀ ਵਾਲਾ ਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਬੰਬ ਧਮਾਕਾ ਹੋਣ ਤੋਂ ਬਾਅਦ ਸੁਰੇਸ਼ ਸ਼ਰਮਾ 'ਤੇ ਹਮਲਾ ਹੋਣ ਨਾਲ ਪੁਲਿਸ ਸੁਰੱਖਿਆ ਦੀ ਪੋਲ ਖੁੱਲ੍ਹ ਗਈ ਹੈ।

ਖਹਿਰਾ ਨੇ ਇੱਥੇ ਐਚਐਸ ਫੂਲਕਾ ਦਾ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਫੂਲਕਾ ਨੇ 34 ਸਾਲ ਦੀ ਲੰਬੀ ਲੜਾਈ ਲੜੀ ਹੈ। ਸੁਖਬੀਰ ਬਾਦਲ ਜਿਹੇ ਲੋਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਥਾਂ ਸਿਆਸਤ ਕਰਦੇ ਰਹੇ ਹਨ ਤੇ ਫੂਲਕਾ ਵਰਗੇ ਇਨਸਾਨਾਂ 'ਤੇ ਉਂਗਲ ਚੁੱਕ ਰਹੇ ਹਨ। ਸੁਖਬੀਰ ਬਾਦਲ ਦੇ ਕਿਹਾ ਸੀ ਕਿ ਫੂਲਕਾ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਨਾਕਾਮ ਰਹੇ ਹਨ।

ਕੇਜਰੀਵਾਲ 'ਤੇ ਮਿਰਚ ਹਮਲੇ ਬਾਰੇ ਖਹਿਰਾ ਨੇ ਕਿਹਾ ਕਿ ਕਿਸੇ 'ਤੇ ਵੀ ਕਿਸੇ ਤਰ੍ਹਾਂ ਦਾ ਹਮਲਾ ਗਲਤ ਹੈ। ਚਾਹੇ ਉਹ ਸੁਰੇਸ਼ ਸ਼ਰਮਾ 'ਤੇ ਹੋਵੇ ਜਾਂ ਕੇਜਰੀਵਾਲ 'ਤੇ, ਉਹ ਇਸ ਤਰ੍ਹਾਂ ਦੇ ਹਮਲੇ ਦੀ ਨਿਖੇਧੀ ਕਰਦੇ ਹਨ।