ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਬੀਤੇ ਕੱਲ੍ਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਣ ਵਿੱਚ ਕੀਤੀ ਪਹਿਲ ਦੀ ਖ਼ਿਲਾਫ਼ਤ ਵੀ ਸ਼ੁਰੂ ਹੋ ਗਈ ਹੈ। ਇਸ ਐਲਾਨ ਦੇ ਨਾਲ ਹੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਨੇ ਉਮੀਦਵਾਰਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੀਆਂ ਜ਼ਮਾਨਤਾਂ ਤਕ ਜ਼ਬਤ ਹੋ ਜਾਣਗੀਆਂ।
ਮੰਗਲਵਾਰ ਨੂੰ ਦੋਵਾਂ ਧਿਰਾਂ ਨੇ ਵੱਖੋ ਵੱਖਰੀਆਂ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ ਇਰਾਦੇ ਸਪੱਸ਼ਟ ਕਰਦਿਆਂ ਏਕਤਾ ਹੋਣ ਦੀ ਗੁੰਜਾਇਸ਼ ਦਾ ਭੋਗ ਪਾ ਦਿੱਤਾ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਪੰਜ ਉਮੀਦਵਾਰਾਂ ਦੇ ਨਾਂ ਐਲਾਨਣ ਸਮੇਂ ਦੋਸ਼ ਲਾਇਆ ਕਿ ਦੋਵਾਂ ਧੜਿਆਂ ਵਿੱਚ ਤਾਲਮੇਲ ਬਿਠਾਉਣ ਦਾ ਕੰਮ ਕਰ ਰਹੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਖਹਿਰਾ ਧੜੇ ਵੱਲੋਂ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਖਹਿਰਾ ਧੜੇ ਨੇ ਵੱਖਰੀ ਪ੍ਰੈਸ ਕਾਨਫਰੰਸ ਕਰਦਿਆਂ ਦੋਸ਼ ਲਾਇਆ ਕਿ ਪਾਰਟੀ ਨੇ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਏਕਤਾ ਦੇ ਯਤਨਾਂ ਦਾ ਭੋਗ ਪਾ ਦਿੱਤਾ ਹੈ।
ਖਹਿਰਾ ਨੇ ਵਿਧਾਇਕ ਕੰਵਰ ਸੰਧੂ, ਜਗਤਾਰ ਜੱਗਾ, ਪਿਰਮਲ ਸਿੰਘ, ਜੈਕਿਸ਼ਨ ਰੋੜੀ ਅਤੇ ਪਿਰਮਲ ਸਿੰਘ ਖਾਲਸਾ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਏਕਤਾ ਲਈ ਆਪਣੀ ਐਡਹਾਕ ਪੀਏਸੀ ਨੂੰ ਭੰਗ ਕਰਨ ਦਾ ਮਨ ਬਣਾਇਆ ਸੀ, ਪਰ ਦੂਜੀ ਧਿਰ ਨੇ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰ ਲਿਆ ਹੈ। ਖਹਿਰਾ ਦਾ ਮੰਨਣਾ ਹੈ ਕਿ ਜਦ ਤਕ ਦੋਵੇਂ ਧੜੇ ਇੱਕ ਹੋ ਕੇ ਚੋਣਾਂ ਨਹੀਂ ਲੜਦੇ ਉਦੋਂ ਤਕ ਜਿੱਤ ਦਰਜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੇ ਪਾਸੇ ਵੱਧ ਰਹੀ ਹੈ।
ਖਹਿਰਾ ਨੇ ਪਾਰਟੀ ਨੂੰ ਹੁਣ ਅੱਠ ਨਵੰਬਰ ਤਕ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਕਿ ਜੇਕਰ ਪਾਰਟੀ ਨੇ ਆਪਣੀਆਂ ਗਲਤੀਆਂ ਨਾ ਸੁਧਾਰੀਆਂ ਤਾਂ ਉਨ੍ਹਾਂ ਦਾ ਧੜਾ ਪੰਜਾਬ ਵਿੱਚ ਵੱਖਰੀ ਬਾਡੀ ਬਣਾਉਣ ਦਾ ਐਲਾਨ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਧੜਾ ਸੂਬੇ ਵਿਚ ਹਮਖਿਆਲੀ ਪਾਰਟੀਆਂ ਨਾਲ ਤੀਜੀ ਸਿਆਸੀ ਧਿਰ ਵੀ ਉਸਾਰ ਸਕਦਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦੀ ਨਾਲੋਂ ਤੀਜੇ ਫਰੰਟ ਨਾਲ ਜਾਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ 'ਆਪ' ਨੇ 2019 ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ, ਫ਼ਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ (ਜਗਦੇਵ ਕਲਾਂ), ਸ੍ਰੀ ਆਨੰਦਪੁਰ ਸਾਹਿਬ ਤੋਂ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਦੁਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ। ਪ੍ਰਿੰਸੀਪਲ ਬੁੱਧ ਰਾਮ ਨੇ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਕਰਵਾਏ ਸਰਵੇਖਣ ਦੇ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਬਾਕੀ ਅੱਠ ਉਮੀਦਵਾਰਾਂ ਦਾ ਐਲਾਨ ਨਵੰਬਰ ਵਿੱਚ ਕਰ ਦਿੱਤਾ ਜਾਵੇਗਾ।