ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਵਿੱਚ 5 ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਬਾਰੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਮੁੜ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ। ਖਹਿਰਾ ਨੇ ਆਪਣੇ ਮਨਪਸੰਦ ਵਿਰੋਧੀ ਰਾਣਾ ਗੁਰਜੀਤ ਦੇ ਨਾਲ-ਨਾਲ ਕਾਂਗਰਸ ਤੇ ਅਕਾਲੀ ਦਲ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਸ਼ਹੀਦ ਭਗਤ ਸਿੰਘ ਨਗਰ ਦੀ ਗ਼ੈਰ ਸਰਕਾਰੀ ਸੰਸਥਾ ਦੇ ਸੰਚਾਲਕ ਰਾਜਦੀਪ ਸ਼ਰਮਾ ਦੇ ਹਾਲ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਵਾਗਤ ਕਰਨ ਪਹੁੰਚੇ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀਆਂ ਨੇ ਪੁਲਿਸ ਦੀ ਗ਼ਤਲ ਵਰਤੋਂ ਕੀਤੀ ਤੇ ਹੁਣ ਕਾਂਗਰਸ ਸਰਕਾਰ ਨੇ ਪੁਲਿਸ ਦੇ ਹੱਥ ਬੰਨ੍ਹ ਦਿੱਤੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ 1984 ਦੇ ਸਿੱਖ ਕਤਲੇਆਮ 'ਚ ਕਾਂਗਰਸ ਨੂੰ ਕਲੀਨ ਚਿੱਟ ਦੇਣ ਬਾਰੇ ਵਿਰੋਧੀ ਧਿਰ ਦੇ ਨੇਤਾ ਤੇ ਆਪ ਲੀਡਰ ਨੇ ਕਿਹਾ ਕਿ ਰਾਣਾ ਗੁਰਜੀਤ ਖ਼ੁਦ ਸਿੱਖ ਹੈ ਤੇ ਉਸ ਨੂੰ ਮੰਤਰੀ ਦੀ ਕੁਰਸੀ ਬਚਾਉਣ ਖਾਤਰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਖਹਿਰਾ ਨੇ ਮਾਘੀ ਮੇਲੇ 'ਤੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦਾ ਮੰਤਵ ਸਿਰਫ ਕਾਂਗਰਸ 'ਤੇ ਦੂਸ਼ਣਬਾਜ਼ੀ ਕਰਨਾ ਹੀ ਦੱਸਿਆ। ਉਨ੍ਹਾਂ ਕਿਹਾ ਕਿ ਮੁਕਤਸਰ ਸਿਆਸੀ ਕਾਨਫਰੰਸ ਦੌਰਾਨ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਗ਼ਲਤ ਗੱਲ ਹੈ। ਖਹਿਰਾ ਨੇ ਦੱਸਿਆ ਕਿ ਭਾਰਤ ਆਜ਼ਾਦ ਦੇਸ਼ ਹੈ ਤੇ ਅਜਿਹੀ ਨਾਅਰੇਬਾਜ਼ੀ ਕਾਰਨ ਮਾਹੌਲ ਖਰਾਬ ਹੋ ਸਕਦਾ ਹੈ।