ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਮਗਰੋਂ ਬਾਗੀ ਲੀਡਰ ਸੁਖਪਾਲ ਖਹਿਰਾ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਪਾਰਟੀ ਵਿੱਚ ਏਕਤਾ ਨਹੀਂ ਚਾਹੁੰਦੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਦੇ ਚੰਡੀਗੜ੍ਹ ਆਉਣ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸਿਆ ਗਿਆ। ਕੇਜਰੀਵਾਲ ਦੇ ਅੱਜ ਦੇ ਦੌਰੇ ਮਗਰੋਂ ਦੋਵਾਂ ਧਿਰਾਂ ਵਿਚਾਲੇ ਤਰੇੜ ਡੂੰਘੀ ਹੋ ਗਈ ਹੈ।
ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲਾਂ ਹੀ ਕੇਜਰੀਵਾਲ ਧੜੇ ਨੇ ਆਪਣੀ ਮਨਸ਼ਾ ਜ਼ਾਹਰ ਕਰ ਦਿੱਤੀ ਹੈ ਕਿ ਉਹ ਪਾਰਟੀ ਵਿੱਚ ਏਕਤਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, "ਫਿਰ ਵੀ ਅਸੀਂ ਅੱਠ ਨਵੰਬਰ ਤੱਕ ਇਨ੍ਹਾਂ ਦਾ ਇੰਤਜ਼ਾਰ ਕਰਨ ਦਾ ਫੈਸਲਾ ਲਿਆ ਹੋਇਆ ਹੈ। ਇਸ 'ਤੇ ਅਸੀਂ ਕਾਇਮ ਹਾਂ। ਇਸ ਤੋਂ ਬਾਅਦ ਹੀ ਅਸੀਂ ਕੋਈ ਕਦਮ ਚੁੱਕਾਂਗੇ।"
ਖਹਿਰਾ ਨੇ ਕਿਹਾ, "ਕੇਜਰੀਵਾਲ ਦੇ ਚੰਡੀਗੜ੍ਹ ਆਉਣ ਦੀ ਖ਼ਬਰ ਸਾਨੂੰ ਨਹੀਂ ਦਿੱਤੀ ਗਈ। ਸਾਨੂੰ ਮੀਡੀਆ ਵੱਲੋਂ ਹੀ ਪਤਾ ਚੱਲਿਆ ਹੈ। ਸੁਖਪਾਲ ਖਹਿਰਾ ਨੇ ਸਾਫ਼ ਕੀਤਾ ਹੈ ਉਹ ਅਜੇ ਵੀ ਅਰਵਿੰਦ ਕੇਜਰੀਵਾਲ ਦੀ ਇੱਜ਼ਤ ਕਰਦੇ ਹਨ।