ਜਲੰਧਰ: ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਚਾਇਤੀ ਚੋਣਾਂ ਨੂੰ ਨਕਾਰਦਿਆਂ ਕਿਹਾ ਕਿ ਲੋਕਾਂ ਨੂੰ ਪੰਚਾਇਤੀ ਚੋਣਾਂ ਦਾ ਕੋਈ ਫਾਇਦਾ ਨਹੀਂ। ਹਾਲਾਂਕਿ, ਖਹਿਰਾ ਆਪਣੇ ਪਿੰਡ ਕਪੂਰਥਲਾ ਜ਼ਿਲ੍ਹੇ ਪਿੰਡ ਰਾਮਗੜ੍ਹ ਵਿੱਚ ਉਨ੍ਹਾਂ ਵੋਟਿੰਗ ਪ੍ਰਕਿਰਿਆ 'ਤੇ ਤਿੱਖੀ ਨਜ਼ਰ ਰੱਖੀ। ਉਨ੍ਹਾਂ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਦੇ ਇਲਜ਼ਾਮਾਂ ਦੇ ਜਵਾਬ ਵੀ ਦਿੱਤੇ।

ਇਹ ਵੀ ਪੜ੍ਹੋ-ਪੰਚਾਇਤੀ ਚੋਣਾਂ: ਜਗੀਰ ਕੌਰ ਵੱਲੋਂ ਸੁਖਪਾਲ ਖਹਿਰਾ 'ਤੇ ਵੱਡਾ ਹਮਲਾ

ਦਰਅਸਲ, ਬੀਬੀ ਜਗੀਰ ਨੇ ਪਹਿਲਾਂ ਸੁਖਪਾਲ ਖਹਿਰਾ ਬਾਰੇ ਕਿਹਾ ਕਿ ਹੁਣ ਤਾਂ ਉਹ ਪਿੰਡ ਦੇ ਏਜੰਟ ਜੋਗੇ ਰਹਿ ਗਏ ਹਨ ਤੇ ਆਪਣੀ ਰਿਸ਼ਤੇਦਾਰ ਨੂੰ ਜਿਤਾਉਣ ਲਈ ਲੋਕਾਂ ਨੂੰ ਧਮਕਾ ਕੇ ਵੋਟ ਲੈ ਰਹੇ ਹਨ। ਦੂਜੇ ਪਾਸੇ ਖਹਿਰਾ ਨੇ ਵੀ ਇਸ ਦਾ ਜੁਆਬ ਦਿੱਤਾ। ਖਹਿਰਾ ਨੇ ਕਿਹਾ ਕਿ ਜੇਕਰ ਮੈਂ ਕੁਝ ਗਲਤ ਕਰਦਾ ਤਾਂ ਕਾਂਗਰਸ ਤੁਰੰਤ ਪਰਚਾ ਦਰਜ ਕਰਵਾ ਦਿੰਦੀ।

ਸਬੰਧਤ ਖ਼ਬਰ: ਪੰਚਾਇਤੀ ਚੋਣਾਂ: ਹਿੰਸਕ ਮਾਹੌਲ, ਬੈਲੇਟ ਬਾਕਸ ਨੂੰ ਅੱਗ, ਇੱਕ ਹਲਾਕ

ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਦੀਆਂ ਗੱਲਾਂ ਨੂੰ ਗ਼ਲਤ ਦੱਸਿਆ। ਸੁਖਪਾਲ ਖਹਿਰਾ ਨੇ ਕਿਹਾ ਕਿ ਸਾਰਾ ਪਿੰਡ ਉਨ੍ਹਾਂ ਦਾ ਰਿਸ਼ਤੇਦਾਰ ਹੈ ਇਸ ਲਈ ਉਹ ਚੋਣਾਂ ਦੇ ਪ੍ਰੋਸੈਸ ਦਾ ਹਿੱਸਾ ਬਣੇ ਹਨ। ਉਨ੍ਹਾਂ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਡੈਮੋਕ੍ਰੇਸੀ ਨੂੰ ਜਲਦ ਠੀਕ ਕਰਨ ਵੱਲ ਸੋਚਣਾ ਪਵੇਗਾ। ਐਨਆਰਆਈਜ਼ ਦੇ ਨਾਲ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ।

ਇਹ ਵੀ ਦੇਖੋ- ਵੋਟਾਂ ’ਚ ਖ਼ੂਨੀ ਝੜਪ, ਚੱਲੀਆਂ ਡਾਂਗਾਂ ਤੇ ਇੱਟਾਂ-ਰੋੜੇ

ਉਨ੍ਹਾਂ ਕਿਹਾ ਕਿ ਸਿਆਸਤਦਾਨ ਤੇ ਅਫ਼ਸਰਸ਼ਾਹੀ ਰਲ ਕੇ ਭ੍ਰਿਸ਼ਟਾਚਾਰ ਕਰਦੇ ਹਨ ਤੇ ਪੰਚਾਇਤੀ ਰਾਜ ਦੀਆਂ ਤਾਕਤਾਂ ਪੰਚਾਇਤਾਂ ਨੂੰ ਨਹੀਂ ਮਿਲੀਆਂ, ਜਿਸ ਨਾਲ ਆਮ ਲੋਕਾਂ ਨੂੰ ਇਨ੍ਹਾਂ ਚੋਣਾਂ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸ ਕੋਲ ਨਾ ਕੋਈ ਪੈਸਾ ਹੈ ਅਤੇ ਨਾ ਹੀ ਵਿਕਾਸ ਦਾ ਨਜ਼ਰੀਆ। ਖਹਿਰਾ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਵਿੱਚ ਚੰਗਾ ਵਿਕਾਸ ਕਰਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕੇਜਰੀਵਾਲ ਨੂੰ ਮੁੜ ਤੋਂ ਪਾਰਟੀ ਪ੍ਰਧਾਨ ਚੁਣੇ ਜਾਣ 'ਤੇ ਵੀ ਚੋਟ ਕਰਦਿਆਂ ਕਿਹਾ ਕਿ ਕੇਜਰੀਵਾਲ ਖ਼ੁਦ ਗ਼ੈਰ ਜਮਹੂਰੀ ਹਨ, ਸਾਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ।