ਚੰਡੀਗੜ੍ਹ: ਸੁਖਪਾਲ ਖਹਿਰਾ ਦੀ ਨਸ਼ਾ ਤਸਕਰ ਨਾਲ ਸਬੰਧ ਦੀਆਂ ਗੱਲਾਂ ਉੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸੁਰ ਵੀ ਵੱਖੋ-ਵੱਖ ਹੋ ਗਏ ਸਨ। ਕੁਝ ਖਹਿਰਾ ਦੇ ਪੱਖ ਵਿੱਚ ਸਨ ਤੇ ਕੁਝ ਬਾਕੀਆਂ ਤੋਂ ਉਲਟ ਸੁਰ ਵਿੱਚ ਸਨ। ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਵਿੱਚੋਂ 14 ਨੇ ਅੱਜ ਖਹਿਰਾ ਦਾ ਪੱਖ ਪੂਰਦਿਆਂ ਉਲਟ ਸੁਰਾਂ ਵਾਲੇ 6 ਵਿਧਾਇਕਾਂ ਵਿਰੁੱਧ ਪਾਰਟੀ ਹਾਈਕਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।


ਇਸ ਬਾਬਤ ਉਕਤ ਵਿਧਾਇਕ 'ਆਪ' ਪੰਜਾਬ ਦੇ ਉਪ-ਕਨਵੀਨਰ ਅਮਨ ਅਰੋੜਾ ਨੂੰ ਮਿਲੇ ਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਤੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਸਮੇਤ ਉਨ੍ਹਾਂ 6 ਵਿਧਾਇਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਅਸਤੀਫਾ ਦੇਣ ਦੀ ਨਸੀਹਤ ਦਿੱਤੀ ਸੀ। ਖਹਿਰਾ ਨੇ ਆਪਣੇ ਸ਼ਕਤੀ ਪ੍ਰਦਰਸ਼ ਵਜੋਂ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਅੱਜ ਪੱਤਰਕਾਰ ਸੰਮੇਲਨ ਵੀ ਕਰਵਾਇਆ। ਉਨ੍ਹਾਂ ਆਪਣੇ ਵਿਰੁੱਧ ਛਿੜੀ ਅਸਤੀਫਾ ਮੁਹਿੰਮ ਨੂੰ ਕਾਂਗਰਸ ਤੇ ਅਕਾਲੀ ਦਲ ਦੀ ਮਿਲੀਭੁਗਤ ਦੱਸਿਆ।

ਜ਼ਿਕਰਯੋਗ ਹੈ ਕਿ 2015 ਵਿੱਚ ਸੁਖਪਾਲ ਖਹਿਰਾ ਦੇ ਨਸ਼ਾ ਤਸਕਰ ਗੁਰਦੇਵ ਸਿੰਘ ਨਾਲ ਸਬੰਧ ਹੋਣ ਦੇ ਮਾਮਲੇ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਸਨ ਤੇ ਗ਼ੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੋਇਆ ਸੀ। ਅਦਾਲਤ ਨੇ ਬੀਤੇ ਕੱਲ੍ਹ ਖਹਿਰਾ ਦੀ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਹੈ। ਢਿੱਲਵਾਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨੂੰ ਪਿਛਲੇ ਹਫ਼ਤੇ ਨਸ਼ਾ ਤਸਕਰੀ ਦੇ ਜੁਰਮ ਹੇਠ 20 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਇਸ ਤੋਂ ਬਾਅਦ ਹੋਰਾਂ ਪਾਰਟੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵਿੱਚੋਂ ਵੀ ਖਹਿਰਾ ਦੇ ਵਿਧਾਨ ਸਭਾ ਦੇ ਅਹੁਦਿਆਂ ਤੋਂ ਅਸਤੀਫੇ ਦੀ ਮੰਗ ਉੱਠ ਰਹੀ ਸੀ।