Farmer Protest: ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੇ ਐਲਾਨ ਨਾਲ ਕੇਂਦਰ ਤੇ ਹਰਿਆਣਾ ਸਰਕਾਰ ਅਲਰਟ ਉੱਤੇ ਆ ਗਈ ਹੈ। ਇਸ ਤੋਂ ਬਾਅਦ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀਆਂ ਹੱਦਾਂ ਉਪਰ ਪੁਲਿਸ ਵੱਲੋਂ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੋਨੀਪਤ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਨੂੰ ਲੈ ਕੇ ਕਾਂਗਰਸ ਦੇ ਕਿਸਾਨ ਵਿੰਗ ਦੇ ਚੇਅਰਮੈਨ ਸੁਖਪਾਲ ਖਹਿਰਾ ਨੇ ਕੇਂਦਰ ਤੇ ਹਰਿਆਣਾ ਸਰਕਾਰ ਉੱਤੇ ਕਿਸਾਨਾਂ ਦੀ ਆਵਾਜ ਦਬਾਉਣ ਦੇ ਇਲਜ਼ਾਮ ਲਾਏ ਹਨ।


ਸੁਖਪਾਲ ਸਿੰਖ ਖਹਿਰਾ ਨੇ ਕਿਹਾ ਕਿ ਕਿਸਾਨ ਕਾਂਗਰਸ ਦੇ ਚੇਅਰਮੈਨ ਵਜੋਂ ਮੈਂ ਭਾਰਤ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਭਖਦੇ ਮਸਲਿਆਂ 'ਤੇ  ਕਿਸਾਨ ਮਜ਼ਦੂਰ ਮੋਰਚਾ ਦੁਆਰਾ 13 ਫਰਵਰੀ ਦੇ ਕਿਸਾਨ ਦਿੱਲੀ ਮਾਰਚ ਨੂੰ ਦਿਲੋਂ ਸਮਰਥਨ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਹਰਿਆਣ ਸਰਕਾਰ ਵੱਲੋਂ ਕਿਸਾਨਾਂ ਦੀ ਜਾਇਜ਼ ਮੰਗਾਂ ਨੂੰ ਦਬਾਉਣ ਤੇ ਡਰਾਉਣ ਦੀਆਂ  ਕੋਸ਼ਿਸ਼ਾਂ ਲਈ ਅਪਣਾਏ ਜਾ ਰਹੇ ਸਖ਼ਤ ਕਦਮਾਂ ਦੀ ਨਿੰਦਾ ਕਰਦਾ ਹਾਂ।






ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (SKM) ਗੈਰ-ਸਿਆਸੀ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਸੱਦੇ ਦੇ ਮੱਦੇਨਜ਼ਰ ਬੁੱਧਵਾਰ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ। ਪੁਲਿਸ ਨੇ ਅਗਲੇ ਹੁਕਮਾਂ ਤੱਕ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਕਿਸੇ ਵੀ ਤਰ੍ਹਾਂ ਦੇ ਪੋਸਟਰ ਲਾਉਣ, ਮੀਟਿੰਗਾਂ ਕਰਨ, ਪੈਦਲ ਜਾਂ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਨਾਲ ਜਲੂਸ ਕੱਢਣ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਚੱਲ਼ਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।


ਕਿਸਾਨ ਲੀਡਰਾਂ ਨੇ ਦੱਸਿਆ ਕਿ 13 ਫਰਵਰੀ ਨੂੰ ‘ਦਿੱਲੀ ਮਾਰਚ’ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਨੂੰ ‘ਕਿਸਾਨ ਅੰਦੋਲਨ-2’ ਦਾ ਨਾਂ ਦਿੱਤਾ ਗਿਆ ਹੈ। ਇਸ ਮਾਰਚ ਵਿੱਚ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਵਿੱਚ ਹਰਿਆਣਾ ਤੋਂ 7, ਪੰਜਾਬ ਤੋਂ 10 ਤੇ ਹਿਮਾਚਲ ਪ੍ਰਦੇਸ਼ ਦੀ ਇੱਕ ਕਿਸਾਨ ਜਥੇਬੰਦੀ ਸ਼ਾਮਲ ਹੈ।