ਜਲੰਧਰ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਆਪਣੀ ਪਾਰਟੀ ਦੇ ਅਹੁਦੇਦਾਰਾਂ ਨਾਲ 22 ਜੁਲਾਈ ਨੂੰ ਚੰਡੀਗੜ੍ਹ ਵਿੱਚ ਕੈਪਟਨ ਦੀ ਕੋਠੀ ਮੂਹਰੇ ਧਰਨਾ ਲਾਉਣਗੇ। ਜਲੰਧਰ ਵਿੱਚ ਸ਼ੁੱਕਰਵਾਰ ਨੂੰ ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਅੱਧਾ ਸਮਾਂ ਪੂਰਾ ਹੋ ਚੁੱਕਿਆ ਹੈ ਪਰ ਉਹ ਆਪਣੇ ਵਾਅਦਿਆਂ 'ਤੇ ਖਰੇ ਨਹੀਂ ਉੱਤਰੇ।


ਖਹਿਰਾ ਨੇ ਕਿਹਾ ਕਿ ਕੈਪਟਨ ਨੇ ਸਭ ਤੋਂ ਵੱਡਾ ਵਾਅਦਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਕੀਤਾ ਸੀ ਪਰ ਪੰਜ ਫੀਸਦੀ ਵੀ ਮੁਆਫ ਨਹੀਂ ਕਰ ਸਕੇ। ਹੁਣ ਅਮਰਿੰਦਰ ਸਿੰਘ ਪੱਲਾ ਝਾੜ ਰਹੇ ਹਨ। ਪਿਛਲੇ ਛੇ ਮਹੀਨਿਆਂ ਵਿੱਚ ਹੀ ਕਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕਰਜ਼ੇ ਦੀ ਮਾਰ ਨਾ ਝਲਦਿਆਂ ਆਤਮਹੱਤਿਆ ਕੀਤੀ ਹੈ। ਇਸ ਤੋਂ ਇਲਾਵਾ ਕਰਜ਼ੇ ਕਰਕੇ ਕੁਰਕੀ ਤੇ ਗ੍ਰਿਫਤਾਰੀਆਂ ਵੀ ਹੋ ਰਹੀਆਂ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਤੇ ਅਪਰਾਧ ਵੀ ਦਿਨੋ-ਦਿਨ ਵੱਧ ਰਿਹਾ ਹੈ। ਇਸ ਦੇ ਰੋਸ ਵਜੋਂ ਉਹ ਚੰਡੀਗੜ੍ਹ ਧਰਨਾ ਲਾਉਣਗੇ।

ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਬਾਦਲ ਸਰਕਾਰ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਮਹਿੰਗੇ ਕਰਾਰ ਕਰਕੇ ਗਈ ਸੀ ਜਿਸ ਕਾਰਨ ਬਿਜਲੀ ਮਹਿੰਗੀ ਹੈ। ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸਨ ਕਿ ਉਹ ਰਿਵਿਊ ਕਰਨਗੇ ਤੇ ਰੇਟ ਘਟਾਉਣਗੇ ਪਰ ਕੁਝ ਕੀਤਾ ਨਹੀਂ। ਸੁਨੀਲ ਜਾਖੜ ਵੀ ਜਦੋਂ ਵਿਰੋਧੀ ਧਿਰ ਦੇ ਲੀਡਰ ਸੀ ਤਾਂ ਇਸ ਮੁੱਦੇ 'ਤੇ ਖੁੱਲ੍ਹ ਕੇ ਬੋਲਦੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਨੇ ਕੁਝ ਨਾ ਕੀਤਾ ਜਿਸ ਕਾਰਨ ਅੱਜ ਬਿਜਲੀ ਦੇ ਰੇਟ ਵੱਧ ਰਹੇ ਹਨ। ਹੁਣ ਅਕਾਲੀ ਦਲ ਮਹਿੰਗੀ ਬਿਜਲੀ ਕਾਰਨ ਧਰਨਾ ਲਾ ਰਹੀ ਹੈ ਜੋ ਹਾਸੋਹੀਣਾ ਹੈ।

ਐਸਵਾਈਐਲ ਦੇ ਮੁੱਦੇ 'ਤੇ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਕੋਲ ਇੱਕ ਬੂੰਦ ਪਾਣੀ ਵੀ ਕਿਸੇ ਹੋਰ ਨੂੰ ਦੇਣ ਲਈ ਨਹੀਂ ਤਾਂ ਐਸਵਾਈਐਲ ਨਹਿਰ ਬਣਾਉਣ ਦਾ ਸਵਾਲ ਹੀ ਨਹੀਂ। ਖਹਿਰਾ ਨੇ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਕਿ ਉਹ ਪੰਜਾਬ ਦੇ ਪਾਣੀਆਂ ਲਈ ਕੁਰਬਾਨੀ ਦੇਣਗੇ ਤਾਂ ਉਹ ਉਹ ਕੁਰਬਾਨੀ ਦੇ ਸਕਦੇ ਹਨ ਕਿਉਂਕਿ ਹੁਣ ਕੁਰਬਾਨੀ ਦੀ ਲੋੜ ਹੈ। ਰੈਫਰੰਡਮ ਟਵੰਟੀ-ਟਵੰਟੀ 'ਤੇ ਖਹਿਰਾ ਨੇ ਕਿਹਾ ਕਿ ਇਹ ਸਿਰਫ ਪੰਜਾਬੀਆਂ ਨੂੰ ਡਰਾਉਣ ਵਾਲੀ ਗੱਲ ਹੈ। ਕੈਪਟਨ ਬੀਜੇਪੀ ਦੀ ਭਾਸ਼ਾ ਬੋਲ ਰਹੇ ਹਨ। ਬੀਜੇਪੀ ਜਿਹੜੀ ਗੱਲ ਖੁਦ ਨਹੀਂ ਕਹਿ ਸਕਦੀ ਉਹ ਕੈਪਟਨ ਤੋਂ ਬੁਲਵਾਉਂਦੇ ਹਨ। ਮਸਲਾ 20-20 ਦਾ ਨਹੀਂ ਸਗੋਂ ਪੰਜਾਬ ਦੇ ਸੁੱਕ ਰਹੇ ਸ਼ਹਿਰਾਂ ਦਾ ਹੈ।