ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਬਰਗਾੜੀ ਮੋਰਚੇ ਦੇ ਲੋਕਾਂ ਨਾਲ ਉਨ੍ਹਾਂ ਨੂੰ ਕੋਈ ਸਿਆਸੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਜਮਹੂਰੀ ਗਠਜੋੜ ਨੇ ਸੂਬੇ ਵਿੱਚ ਨਵਾਂ ਸਿਆਸੀ ਮੋੜ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਲੋਕ ਇਨਸਾਫ਼ ਪਾਰਟੀ, ਪੰਜਾਬ ਮੰਚ, ਟਕਸਾਲੀ ਅਕਾਲੀ ਦਲ, ਸੀਪੀਆਈ, ਸੀਪੀਐੱਮ, ਆਰਐੱਮਪੀਆਈ ਸਮੇਤ ਬਹੁਜਨ ਸਮਾਜ ਪਾਰਟੀ ਨਾਲ ਸਮਝੌਤੇ ਦੀ ਗੱਲ ਹੋ ਰਹੀ ਹੈ। ਖਹਿਰਾ ਮੁਤਾਬਕ ਉਨ੍ਹਾਂ ਦੀ ਪਾਰਟੀ ਬਠਿੰਡਾ ਸੀਟ ’ਤੇ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।

ਦਰਅਸਲ ਖਹਿਰਾ ਬਠਿੰਡਾ ਦਿਹਾਤੀ ਤੇ ਹਲਕਾ ਭੁੱਚੋ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਟਿਆਲਾ ਤੋਂ ਐੱਮਪੀ ਧਰਮਵੀਰ ਗਾਂਧੀ ਨੇ ਬੜੇ ਯਤਨ ਕਰਕੇ ਰਾਜਪੁਰਾ- ਚੰਡੀਗੜ੍ਹ ਰੇਲਵੇ ਲਾਈਨ ਦਾ ਪ੍ਰਾਜੈਕਟ ਲਿਆਂਦਾ ਪਰ ਕੈਪਟਨ ਸਰਕਾਰ ਇਸ ਪ੍ਰੋਜੈਕਟ ਲਈ 72 ਕਰੋੜ ਦੀ ਰਕਮ ਭਰਨ ਤੋਂ ਟਾਲ਼ਾ ਵੱਟ ਰਹੀ ਹੈ।

ਖਹਿਰਾ ਨੇ ਕਿਹਾ ਕਿ ਜਾਂ ਤਾਂ ਸੀਐਮ ਕੈਪਟਨ ਡਾ. ਗਾਂਧੀ ਨੂੰ ਸਿਆਸੀ ਲਾਹਾ ਨਹੀਂ ਦੇਣਾ ਚਾਹੁੰਦੇ ਜਾਂ ਬਾਦਲਾਂ ਦੀਆਂ ਬੱਸਾਂ ਨੂੰ ਫਾਇਦਾ ਦੇਣ ਬਾਰੇ ਸੋਚ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਜੇ ਰੇਲਵੇ ਲਾਈਨ ਸ਼ੁਰੂ ਹੋ ਗਈ ਤਾਂ ਉਸ ਤੋਂ ਬਾਅਦ ਮਾਲਵਾ ਖੇਤਰ ਦੇ ਲੋਕ ਚੰਡੀਗੜ੍ਹ ਲਈ ਔਰਬਿਟ ਬੱਸ ਦਾ ਸਫ਼ਰ ਨਹੀਂ ਕਰਨਗੇ।