ਚੰਡੀਗੜ੍ਹ: ਦਿੱਲੀ ਹਾਈਕਮਾਨ ਤੋਂ ਬਾਗੀ ਹੋਏ ਖਹਿਰਾ ਸਮੇਤ ਅੱਠ ਵਿਧਾਇਕਾਂ ਨੇ ਅੱਠ ਮੈਂਬਰੀ ਐਡਹੌਕ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ 'ਚ ਸੁਖਪਾਲ ਖਹਿਰਾ ਸਮੇਤ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜੈ ਕ੍ਰਿਸ਼ਨ ਰੋੜੀ ਸ਼ਾਮਲ ਹਨ।

ਨਾਜਰ ਸਿੰਘ ਮਾਨਸ਼ਾਹੀਆ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ। ਇਸ ਤੋਂ ਇਲਾਵਾ ਐਡਹੌਕ ਕਮੇਟੀ ਦੇ ਅੱਠ ਹੋਰ ਸਪੈਸ਼ਲ ਇਨਵਾਇਟੀ ਹੋਣਗੇ। ਇਨ੍ਹਾਂ 'ਚ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਦਲਜੀਤ ਸਿੰਘ ਸਦਰਪੁਰਾ, ਐਨਐਸ ਚਾਹਲ, ਦੀਪਕ ਬਾਂਸਲ, ਪਰਮਜੀਤ ਸਿੰਘ ਸਚਦੇਵਾ, ਪਰਗਟ ਸਿੰਘ ਚੁੱਘਾਵਾਨ, ਸੁਰੇਸ਼ ਸ਼ਰਮਾ ਤੇ ਕਰਮਜੀਤ ਕੌਰ ਹਨ।

ਕੰਵਰ ਸੰਧੂ ਨੇ ਕਿਹਾ ਕਿ ਇਹ ਸਾਰੇ ਮੈਂਬਰ ਸਟੇਟ ਐਗਜ਼ੀਕਿਊਟਿਵ ਕਮੇਟੀ ਦੇ ਵੀ ਮੈਂਬਰ ਹੋਣਗੇ। ਪੀਏਸੀ ਪੰਜਾਬ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਤੋਂ ਇਲਾਵਾ ਸਮੁੱਚੇ ਰਾਜਨੀਤਿਕ ਢਾਂਚੇ ਦੀ ਦੇਖ-ਰੇਖ ਕਰੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੋਂ ਲੈ ਕੇ ਵਿਧਾਨ ਸਭਾ ਤੇ ਬਲਾਕ ਪੱਧਰ ਤੇ ਨਵਾਂ ਰਾਜਨੀਤਕ ਢਾਂਚਾ ਸਥਾਪਤ ਕਰੇਗੀ। ਪਾਰਟੀ 'ਚ ਨਵੀਂ ਤਾਕਤ ਭਰਨ ਲਈ ਜ਼ਿਲ੍ਹਾ ਪੱਧਰ 'ਤੇ ਵਲੰਟੀਅਰਸ ਦੀ ਮੀਟਿੰਗ ਦਾ ਇਤਜ਼ਾਮ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਕ ਵਾਰ ਸੂਬੇ 'ਚ ਪਾਰਟੀ ਦਾ ਢਾਂਚਾ ਮੁੜ ਖੜ੍ਹਾ ਕਰਨ ਤੋਂ ਬਾਅਦ ਪੀਏਸੀ ਤੇ ਸਟੇਟ ਐਗਜ਼ੀਕਿਊਟਿਵ ਨੂੰ ਰੱਦ ਕਰ ਦਿੱਤਾ ਜਾਵੇਗਾ। ਸੰਧੂ ਨੇ ਕਿਹਾ ਬਠਿੰਡਾ ਕਨਵੈਨਸ਼ਨ ਤੋਂ ਬਾਅਦ ਪੰਜਾਬ 'ਚ 'ਆਪ' ਦੇ ਪੁਨਰ ਸੰਗਠਨ ਲਈ ਇਹ ਪਹਿਲਾ ਕਦਮ ਹੈ।