‘ਰੈਫਰੰਡਮ 2020’ 'ਤੇ ਪੰਜਾਬ ਦੇ ਖਾਲਿਸਤਾਨੀ ਖਾਮੋਸ਼
ਏਬੀਪੀ ਸਾਂਝਾ | 07 Aug 2018 02:30 PM (IST)
ਅੰਮ੍ਰਿਤਸਰ: ਖਾਲਿਸਤਾਨ ਦੇ ਮੁੱਦੇ ’ਤੇ ‘ਰੈਫਰੰਡਮ 2020’ ਤੋਂ ਪੰਜਾਬ ਦੀਆਂ ਗਰਮਖਿਆਲੀ ਪਾਰਟੀਆਂ ਟਾਲਾ ਵੱਟ ਰਹੀਆਂ ਹਨ। ਅਜੇ ਤੱਕ ਕਿਸੇ ਵੀ ਪਾਰਟੀ ਨੇ ਇਸ ਦੀ ਖੁੱਲ੍ਹੀ ਹਮਾਇਤ ਨਹੀਂ ਕੀਤੀ। ਇਹ ਰਾਏਸ਼ੁਮਾਰੀ ‘ਸਿੱਖਜ਼ ਫਾਰ ਜਸਟਿਸ’ ਨਾਂ ਦੀ ਸਿੱਖ ਜਥੇਬੰਦੀ ਵੱਲੋਂ ਵੱਖਰੇ ਸਿੱਖ ਰਾਜ ਖਾਲਿਸਤਾਨ ਦੇ ਮੁੱਦੇ ’ਤੇ ਕਰਵਾਈ ਜਾ ਰਹੀ ਹੈ। ਇਹ ਰਾਏਸ਼ਮੁਰੀ 2020 ਵਿੱਚ ਕਰਵਾਈ ਜਾਵੇਗੀ ਪਰ ਇਸ ਤੋਂ ਪਹਿਲਾਂ 12 ਅਗਸਤ ਨੂੰ ਲੰਡਨ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਸ਼ਵ ਭਰ ਤੋਂ ਸਿੱਖਾਂ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ। ਭਾਰਤ ਵਿਚਲੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਦਾ ਸੱਦਾ ਮਿਲਿਆ ਹੈ ਪਰ ਫਿਲਹਾਲ ਕੋਈ ਵੀ ਪੰਜਾਬ ਵਿਚਲੀ ਸਿੱਖ ਜਥੇਬੰਦੀ ਨੇ ਇਸ ਦਾ ਹੁੰਗਾਰਾ ਨਹੀਂ ਦਿੱਤਾ। ਹਾਲ ਹੀ ਵਿਚ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਹਰਪਾਲ ਸਿੰਘ ਚੀਮਾ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਜ਼ ਫਾਰ ਜਸਟਿਸ ਨੂੰ ਇਕ ਪੱਤਰ ਭੇਜ ਕੇ ਰੈਫਰੈਂਡਮ 2020 ਬਾਰੇ ਸਪੱਸ਼ਟਤਾ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਫਿਲਹਾਲ ਇਸ ਰਾਏਸ਼ੁਮਾਰੀ ਦਾ ਸਮਰਥਨ ਨਹੀਂ ਕੀਤਾ ਪਰ ਉਨ੍ਹਾਂ ਸਿੱਧੇ ਢੰਗ ਨਾਲ ਵਿਰੋਧ ਵੀ ਨਹੀਂ ਪ੍ਰਗਟਾਇਆ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਰਾਏਸ਼ੁਮਾਰੀ ਕਰਾਉਣ ਵਾਲੀ ਜਥੇਬੰਦੀ ਕੋਲ ਕੁਝ ਖਦਸ਼ੇ ਪ੍ਰਗਟਾਏ ਗਏ ਹਨ ਤੇ ਸਪੱਸ਼ਟ ਕਰਨ ਲਈ ਆਖਿਆ ਹੈ ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਲੰਡਨ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕਰਨਗੇ। ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਵੀ ਇਸ ਰਾਏਸ਼ੁਮਾਰੀ ਦੀ ਨਾ ਤਾਂ ਹਮਾਇਤ ਕੀਤੀ ਹੈ ਤੇ ਨਾ ਹੀ ਵਿਰੋਧ। ਸਿੱਖਜ਼ ਫਾਰ ਜਸਟਿਸ ਦੀ ਹਮਖਿਆਲੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਉਹ ਲੰਡਨ ਵਿੱਚ 12 ਅਗਸਤ ਨੂੰ ਸੱਦੇ ਗਏ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ ਸਿੱਖ ਆਜ਼ਾਦੀ ਦੇ ਹਾਮੀ ਹਨ।