ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੂਜਿਆਂ ਨੂੰ ਅਹੁਦਿਆਂ ਦੇ ਲਾਲਚੀ ਦੱਸ ਰਹੇ ਹਨ ਜਦਕਿ ਖ਼ੁਦ ਤਿੰਨ-ਤਿੰਨ ਅਹੁਦੇ ਸੰਭਾਲ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖ਼ੁਦ ਮੁੱਖ ਮੰਤਰੀ ਵੀ ਹਨ, ਪਾਰਟੀ ਪ੍ਰਧਾਨ ਵੀ ਹਨ ਤੇ ਪੀਏਸੀ ਕਮੇਟੀ ਦੇ ਚੇਅਰਮੈਨ ਵੀ ਹਨ। ਉਨ੍ਹਾਂ ਬਰਨਾਲਾ ਦੀ ‘ਆਪ’ ਰੈਲੀ ਨੂੰ ਵੀ ‘ਫਲਾਪ’ ਕਰਾਰ ਦਿੱਤਾ।
ਭਗਵੰਤ ਮਾਨ ਦੇ ਸ਼ਰਾਬ ਛੱਡਣ ਵਾਲੇ ਬਿਆਨ ਸਬੰਧੀ ਖਹਿਰਾ ਨੇ ਕਿਹਾ ਕਿ ਇਹ ਗੁਟਕਾ ਸਾਹਿਬ ਵਾਲੀ ਪਾਲਿਸੀ ਹੈ। ਇਸੇ ਕਰਕੇ ਮਾਨ ਨੂੰ ਆਪਣੀ ਮਾਂ ਨੂੰ ਨਾਲ ਖੜਾ ਕਰਨਾ ਪਿਆ ਕਿਉਂਕਿ ਮਾਨ ਜਾਣਦੇ ਹਨ ਕਿ ਲੋਕ ਉਨ੍ਹਾਂ ’ਤੇ ਭਰੋਸਾ ਨਹੀਂ ਕਰਦੇ। ਖਹਿਰਾ ਨੇ ਕਿਹਾ ਕਿ ਮਾਨ ਨੇ ਅੱਜ ਵੀ ਮੰਨ ਲਿਆ ਕਿ ਸ਼ਰਾਬ ਉਨ੍ਹਾਂ ਦਾ ਵੱਡਾ ਨੁਕਸ ਸੀ।
ਖਹਿਰਾ ਨੇ ਕੇਜਰੀਵਾਲ ’ਤੇ ਵਾਰ ਕਰਦਿਆਂ ਕਿਹਾ ਕਿ ਦਿੱਲੀ ਦਾ ਸਰਕਾਰ ਦੇ ਕੀਤੇ ਕੰਮਾਂ ਦਾ ਪੰਜਾਬ ’ਤੇ ਕੋਈ ਅਸਰ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਪ੍ਰਸ਼ਾਂਤ ਯਾਦਵ, ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਫੂਲਕਾ, ਗਾਂਧੀ, ਛੋਟੇਪੁਰ ਤੇ ਘੁੱਗੀ ਵਰਗੇ ਸਾਰੇ ਅਹੁਦੇ ਦੇ ਲਾਲਚੀ ਹਨ?