ਗੁਰਦਾਸਪੁਰ: ਚੋਣਾਂ ਮੌਕੇ ਜ਼ੁਬਾਨ ਤਿਲ੍ਹਕਣਾ ਕੋਈ ਵੱਡੀ ਗੱਲ ਨਹੀਂ। ਇਸ ਦਾ ਸ਼ਿਕਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੋ ਗਏ ਹਨ। ਕੈਪਟਨ ਨੇ ਅੱਜ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਮੁਰੰਮਤ ਕਰਨ ਦਾ ਐਲਾਨ ਕਰ ਦਿੱਤਾ। ਇੰਨਾ ਸੁਣ ਕੇ ਸਾਰੇ ਪਾਸੇ ਹਾਸਾ ਪੈ ਗਿਆ।
ਦਰਅਸਲ, ਕੈਪਟਨ ਅਮਰਿੰਦਰ ਸਿੰਘ ਅੱਜ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਨਾਮਜ਼ਦਗੀ ਦਾਇਰ ਕਰਵਾਉਣ ਲਈ ਪਹੁੰਚੇ ਸਨ। ਨਾਮਜ਼ਦਗੀ ਮਗਰੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਸੁਖਬੀਰ ਬਾਦਲ ਨੇ ਵੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਪੂਰਾ ਸਵਾਲ ਸੁਣਨ ਤੋਂ ਪਹਿਲਾਂ ਹੀ ਕੈਪਟਨ ਦੇ ਮਨ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਭਰਿਆ ਗੁੱਸਾ ਫੁੱਟ ਪਿਆ ਪਰ ਉਨ੍ਹਾਂ ਦੇ ਮੂੰਹੋ ਨਾਂ ਸੁਨੀਲ ਜਾਖੜ ਦਾ ਨਿੱਕਲ ਗਿਆ। ਉਨ੍ਹਾਂ ਕਿਹਾ, "ਇਹ ਸੁਨੀਲ ਜਾਖੜ ਦੀ ਮੁਰੰਮਤ ਤਾਂ ਮੈਂ ਕਰੂੰਗਾ..!"
ਇਹ ਸੁਣਦਿਆਂ ਜਾਖੜ ਸਮੇਤ ਸਾਰੇ ਲੀਡਰ ਤੇ ਪੱਤਰਕਾਰ ਹੱਸ ਪਏ ਤੇ ਕੈਪਟਨ ਨੇ ਜਾਖੜ ਤੋਂ ਮੁਆਫ਼ੀ ਮੰਗ ਸੁਖਬੀਰ ਬਾਦਲ ਦਾ ਨਾਂ ਲੈ ਦਿੱਤਾ। ਇਸ ਮੌਕੇ ਕੈਪਟਨ ਨੇ ਸੁਨੀਲ ਜਾਖੜ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਉਤਾਰੇ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਦੀ ਵੀ ਖਾਸੀ ਲਾਹ-ਪਾਹ ਕੀਤੀ। ਯਾਦ ਰਹੇ ਕਿ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਕਈ ਵਾਰ ਕੈਪਟਨ 'ਤੇ ਤਿੱਖੇ ਨਿਸ਼ਾਨੇ ਲਾ ਚੁੱਕੇ ਹਨ ਪਰ ਅੱਜ ਸਵੇਰੇ ਉਨ੍ਹਾਂ ਫਿਰ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਹੁਣ ਤਕ ਦਾ ਸਭ ਤੋਂ ਨਖਿੱਧ, ਨਿਕੰਮਾ ਤੇ ਨਾਲਾਇਕ ਮੁੱਖ ਮੰਤਰੀ ਹੈ। ਮਜੀਠਿਆ ਨੇ ਵੀ ਕੈਪਟਨ ਨੂੰ ਸੁਣਾਇਆ ਖਰੀਆਂ-ਖਰੀਆਂ ਸੁਣਾਉਂਦਿਆਂ ਕੈਪਟਨ ਦੇ ਰੋਡ ਸ਼ੋਅ ਨੂੰ ਫਲੌਪ ਦੱਸਿਆ। ਬਾਦਲ ਤੇ ਮਜੀਠੀਆ ਨੇ ਕੈਪਟਨ 'ਤੇ ਤਾਜ਼ਾ ਹਮਲਾ ਮੁੱਖ ਮੰਤਰੀ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਘਮੰਡੀ ਔਰਤ ਦੱਸਣ ਦੇ ਜਵਾਬ ਵਿੱਚ ਕੀਤਾ ਸੀ। ਕੈਪਟਨ ਨੂੰ ਇਸ ਦਾ ਬੁਰਾ ਲੱਗਣਾ ਸੁਭਾਵਿਕ ਸੀ ਪਰ ਇਸ ਗੁੱਸੇ ਦਾ ਸ਼ਿਕਾਰ ਧੱਕੇ ਨਾਲ ਸੁਨੀਲ ਜਾਖੜ ਬਣ ਗਏ।
ਜਦੋਂ ਕੈਪਟਨ ਨੇ ਕੀਤਾ ਸੁਨੀਲ ਜਾਖੜ ਦੀ ਮੁਰੰਮਤ ਕਰਨ ਦਾ ਐਲਾਨ..!
ਏਬੀਪੀ ਸਾਂਝਾ
Updated at:
26 Apr 2019 05:14 PM (IST)
ਕੈਪਟਨ ਦੇ ਮਨ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਭਰਿਆ ਗੁੱਸਾ ਫੁੱਟ ਪਿਆ ਪਰ ਉਨ੍ਹਾਂ ਦੇ ਮੂੰਹੋ ਨਾਂ ਸੁਨੀਲ ਜਾਖੜ ਦਾ ਨਿੱਕਲ ਗਿਆ। ਉਨ੍ਹਾਂ ਕਿਹਾ, "ਇਹ ਸੁਨੀਲ ਜਾਖੜ ਦੀ ਮੁਰੰਮਤ ਤਾਂ ਮੈਂ ਕਰੂੰਗਾ..!"
- - - - - - - - - Advertisement - - - - - - - - -