ਬੀਤੇ ਦਿਨ ਫਿਰੋਜ਼ਪੁਰ ’ਚ RSS ਆਗੂ ਬਲਦੇਵ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਭੀੜ ਭਰੇ ਬਜਾਰ ਵਿਚ ਹਮਲਾਵਰਾਂ ਨੇ ਸ਼ਰੇਆਮ ਗੋਲੀ ਮਾਰ ਕੇ ਨਵੀਨ ਅਰੋੜਾ ਦਾ ਕਤਲ ਕਰ ਦਿੱਤਾ। ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਬੜੀ ਤੇਜ਼ੀ ਨਾਲ ਆਏ ਅਤੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਲੇ ਗਏ। ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਮਾਤਮ ਛਾਇਆ ਪਿਆ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਹਨ।
ਪੰਜਾਬ ਦੇ ਲੋਕ ਦਹਿਸਤ ਦੇ ਮਾਹੌਲ ਵਿਚ ਜਿਊਣ ਲਈ ਮਜ਼ਬੂਰ-ਸੁਨੀਲ ਜਾਖੜ
ਉਨ੍ਹਾਂ ਨੇ ਲਿਖਿਆ ਹੈ- 'ਫ਼ਿਰੋਜ਼ਪੁਰ ਵਿੱਚ ਆਰ ਐਸ ਐਸ ਦੇ ਨੇਤਾ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦੀ ਦਿਨਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਪ੍ਰਬੰਧਾਂ ਦੀ ਪੋਲ ਇਕ ਵਾਰ ਫਿਰ ਖੋਲ ਦਿੱਤੀ ਹੈ। ਰਾਜ ਵਿੱਚ ਗੈਂਗਸਟਰ ਸਮਾਂਤਰ ਸਰਕਾਰ ਚਲਾ ਰਹੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਹਨ ਤੇ ਉਹਨਾਂ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ । ਅੱਜ ਪੰਜਾਬ ਦੇ ਲੋਕ ਦਹਿਸਤ ਦੇ ਮਾਹੌਲ ਵਿਚ ਜਿਊਣ ਲਈ ਮਜ਼ਬੂਰ ਹਨ।''
ਇਹ ਹੈ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ 15 ਨਵੰਬਰ ਸ਼ਾਮ ਜਦੋਂ ਬਲਦੇਵ ਰਾਜ ਅਰੋੜਾ ਦਾ ਪੁੱਤਰ ਨਵੀਨ ਅਰੋੜਾ ਦੁਕਾਨ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ, ਤਾਂ ਜਿਵੇਂ ਹੀ ਉਹ ਯੂਕੋ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਪਹੁੰਚਿਆ, ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਨਵੀਨ ਕੁਮਾਰ ਦੇ ਸਿਰ ‘ਚ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਫਿਰੋਜ਼ਪੁਰ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਵੱਡਾ ਰੋਸ ਹੈ। ਪੁਲਿਸ ਜਾਂਚ ਕਰ ਰਹੀ ਹੈ।
ਬੰਦ ਦੀ ਕਾਲ
ਇਸ ਕਤਲ ਨੇ ਫਿਰੋਜ਼ਪੁਰ ਵਿੱਚ ਗੁੱਸੇ ਦੀ ਲਹਿਰ ਫੈਲਾ ਦਿੱਤੀ ਹੈ। ਫਿਰੋਜ਼ਪੁਰ ਸਿਟੀ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ, ਰਿੰਕਾ ਆਨੰਦ, ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਅਧਿਕਾਰੀਆਂ, ਦੁਕਾਨਦਾਰਾਂ ਅਤੇ ਜਨਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਵੀਨ ਅਰੋੜਾ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਫਿਰੋਜ਼ਪੁਰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ।