ਚੰਡੀਗੜ੍ਹ: ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਆਪਣੇ ਪੁੱਤਰ ਨੂੰ ਲੋਕ ਸਭਾ ਦੀ ਟਿਕਟ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸੰਗਰੂਰ ਤੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਧੀਮਾਨ ਪਿਓ-ਪੁੱਤ ਦੀ ਗੱਲਬਾਤ 'ਚੋਂ ਪਾਰਟੀ ਖ਼ਿਲਾਫ਼ ਬਗ਼ਾਵਤੀ ਸੁਰ ਵੀ ਸਾਫ ਝਲਕ ਰਹੇ ਸਨ।
ਵਿਧਾਇਕ ਨੇ ਆਪਣੇ ਪੁੱਤਰ ਨਾਲ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਘੱਟੋ-ਘੱਟ ਤਿੰਨ ਸੀਟਾਂ 'ਤੇ ਪਛੜੇ ਵਰਗ ਦੇ ਉਮੀਦਵਾਰ ਉਤਾਰੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ 'ਤੇ ਦਿੱਤੇ ਬਿਆਨ ਦਾ ਖ਼ਾਮਿਆਜ਼ਾ ਉਨ੍ਹਾਂ ਨੂੰ ਮੰਤਰੀ ਨਾ ਬਣਾਉਣ ਕਰਕੇ ਚੁਕਾਉਣਾ ਪਿਆ, ਪਰ ਇਸ ਵਾਰ ਉਹ ਆਪਣੇ ਪੁੱਤਰ ਲਈ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਦ ਓਬੀਸੀ ਲੀਡਰਾਂ ਨੂੰ ਅੱਗੇ ਨਹੀਂ ਕਰਦੀ ਤਾਂ ਪੂਰੇ ਵਰਗ ਵਿੱਚ ਇਸ ਦੀ ਨਿਰਾਸ਼ਾ ਹੁੰਦੀ ਹੈ।
ਉੱਧਰ, ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਵਾਰ-ਵਾਰ ਕਹਿੰਦੇ ਹਨ ਕਿ ਅਸੀਂ ਨੌਜਵਾਨਾਂ ਤੇ ਪਛੜੇ ਵਰਗਾਂ ਨੂੰ ਅੱਗੇ ਰੱਖਾਂਗੇ ਅਤੇ ਹੁਣ ਉਹ ਇਸ ਨੂੰ ਸੱਚ ਵੀ ਸਾਬਤ ਕਰਨ ਸਕਦੇ ਹਨ। ਧੀਮਾਨ ਨੇ ਚੇਤਾਵਨੀ ਭਰੇ ਲਹਿਜ਼ੇ 'ਚ ਇਹ ਵੀ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਗਈ ਤਾਂ ਇਸ ਤੋਂ ਬਾਅਦ ਉਹ ਅਗਲੀ ਰਣਨੀਤੀ ਉਲੀਕਣਗੇ।