ਅੰਮ੍ਰਿਤਸਰ: ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਸੱਜਣੀਆਂ ਸ਼ੁਰੂ ਹੋ ਗਈਆਂ ਹਨ। ਦੁਕਾਨਾਂ 'ਤੇ ਵੰਨ-ਸਵੰਨੀਆਂ ਮਿਠਾਈਆਂ ਵੇਖ ਕੇ ਹਰ ਕਿਸੇ ਦੇ ਮੂੰਹ ਵਿੱਚ ਪਾਣੀ ਆਉਣਾ ਵੀ ਲਾਜ਼ਮੀ ਹੈ। ਇਹ ਜਾਣ ਕੇ ਹੈਰਾਨ ਹੋਓਗੇ ਕਿ ਇਨ੍ਹਾਂ ਮਿਠਾਈਆਂ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਤੇ ਇਸ ਵਿੱਚ ਵਿੱਚ ਕਿਸ ਖੋਏ ਦਾ ਇਸਤਮਾਲ ਕੀਤਾ ਜਾ ਰਿਹਾ ਹੈ।

ਸਿਹਤ ਵਿਭਾਗ ਦੀ ਟੀਮ ਨੇ ਕੱਲ੍ਹ ਦੇਰ ਰਾਤ ਅੰਮ੍ਰਿਤਸਰ ਦੇ ਗੁਰਨਾਮ ਨਗਰ ਦੀ ਫੈਕਟਰੀ ਵਿੱਚ ਛਾਪਾ ਮਾਰਿਆ ਜਿੱਥੋਂ 10 ਕੁਇੰਟਲ ਮਿਲਾਵਟੀ ਖੋਆ ਬਰਾਮਦ ਕੀਤਾ ਗਿਆ। ਦੀਵਾਲੀ ਦੇ ਤਿਉਹਾਰ 'ਤੇ ਵਧੇਰੇ ਕਮਾਈ ਕਰਨ ਦੇ ਚੱਕਰ ਵਿੱਚ ਕੁਝ ਲੋਕ ਅਜਿਹੀਆਂ ਮਿਲਾਵਟੀ ਮਿਠਾਈਆਂ ਤਿਆਰ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਜਦ ਵੀ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਸਿਹਤ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਫੈਕਟਰੀ ਵਿੱਚ ਕੰਮ ਕਰ ਰਹੇ ਇੱਕ ਕਰਮਚਾਰੀ ਨੂੰ ਕਾਬੂ ਕਰ ਲਿਆ ਜਦਕਿ ਫੈਕਟਰੀ ਦਾ ਮਲਕ ਮੌਕੇ ਤੋਂ ਫਰਾਰ ਹੋ ਗਿਆ।

ਜ਼ਿਲ੍ਹਾ ਸਿਹਤ ਅਫਸਰ ਸ਼ਿਵਚਰਨ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕੀਤੀ ਹੈ। ਮੌਕੇ 'ਤੇ ਪਹੁੰਚੀ ਵਿਭਾਗ ਦੀ ਟੀਮ ਨੇ ਫੈਕਟਰੀ ਵਿੱਚੋਂ 10 ਕੁਇੰਟਲ ਮਿਲਾਵਟੀ ਖੋਆ ਤੇ 25 ਬੋਰੀਆਂ ਅਜਿਹੀ ਸਮਗਰੀ ਦੀਆਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਇਹ ਮਿਲਾਵਟੀ ਖੋਆ ਤਿਆਰ ਕੀਤਾ ਜਾਣਾ ਸੀ।