ਚੰਡੀਗੜ੍ਹ:ਪੰਜਾਬ ਵਿੱਚ ਚਿੱਠੀਆਂ ਦੀ ਸਿਆਸਤ ਤੇਜ਼ ਹੋ ਗਈ ਹੈ। ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖ ਪੰਜਾਬ ਵੱਲ ਧਿਆਨ ਦਵਾ ਰਹੇ ਹਨ, ਉੱਥੇ ਹੀ ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਹਨ। 'ਆਪ' ਨੇ ਕੈਪਟਨ ਦੇ ਨਾਂ ਚਿੱਠੀ ਲਿਖ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਉਠਾਇਆ ਹੈ।



ਪਾਰਟੀ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਨੂੰ ਪੱਤਰ ਲਿਖ ਕੇ ਨਸ਼ਿਆਂ ਦੀ ਸਮੱਸਿਆ ‘ਤੇ ਸਖ਼ਤੀ ਤੇ ਗੰਭੀਰਤਾ ਨਾਲ ਕਾਬੂ ਪਾਉਣ ਦੀ ਮੰਗ ਉਠਾਈ ਹੈ। ‘ਆਪ’ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਦੋ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਕੁਝ ਵੀ ਖ਼ਾਸ ਨਹੀਂ ਕੀਤਾ। ਚਿੱਠੀ ਰਾਹੀਂ ਅਮਨ ਅਰੋੜਾ ਨੇ ਕੈਪਟਨ ਵੱਲੋਂ ਇਸ ਸੰਕਟ ਬਾਰੇ ਮੋਦੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸ਼ਲਾਘਾਯੋਗ ਕਦਮ ਹੈ ਕਿ ਘੱਟੋ ਘੱਟ ਕੈਪਟਨ ਸਰਕਾਰ ਨੇ ਇਸ ਸਮੱਸਿਆ ਬਾਰੇ ਸੋਚਿਆ ਤਾਂ ਸਹੀ।


ਅਰੋੜਾ ਨੇ ਕੈਪਟਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ‘ਚ ਤੁਸੀਂ ਤਿੰਨ ਨੁਕਤੇ ਉਠਾਏ ਹਨ, ਜਿੰਨਾ ‘ਚ ਰਾਸ਼ਟਰੀ ਡਰੱਗ ਨੀਤੀ, ਨਸ਼ਾ ਛੁਡਾਊ ਕੇਂਦਰਾਂ ਤੇ ਬਚਾਅ ਪੱਖਾਂ ‘ਤੇ ਵੱਧ ਤੋਂ ਵੱਧ ਕੇਂਦਰਤ ਕਰਨਾ ਤੇ ਤੀਜਾ ਪਾਕਿਸਤਾਨ ਨਾਲ 553 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸੀਮਾ ਕਾਰਨ ਨਸ਼ਾ ਤਸਕਰੀ ਦੀ ਸਮੱਸਿਆ ਦਾ ਸਥਾਈ ਹੱਲ ਸ਼ਾਮਲ ਹੈ। ਆਮ ਆਦਮੀ ਪਾਰਟੀ ਵੀ ਪੰਜਾਬ ਦੀ ਜਵਾਨੀ ਬਚਾਉਣ ਲਈ ਇੰਨਾ ਮੰਗਾਂ ਨੂੰ ਲਾਗੂ ਕਰਨ ਦੀ ਵਕਾਲਤ ਕਰਦੀ ਹੈ।

ਉਨ੍ਹਾਂ ਲਿਖਿਆ ਹੈ ਕਿ ਨਸ਼ਿਆਂ ਦੀ ਇਸ ਬਿਮਾਰੀ ਤੋਂ ਨਿਜਾਤ ਦੇਣ ਲਈ ਕੇਂਦਰ ਤੇ ਸੂਬਾ ਸਰਕਾਰ ਦੀ ਸਾਂਝੀ ਤੇ ਸਮੂਹਿਕ ਜ਼ਿੰਮੇਵਾਰੀ ਹੈ, ਪਰ ਦੋ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਡਰੱਗਜ਼ ‘ਤੇ ਕਾਬੂ ਪਾਉਣ ਲਈ ਜਿੰਨਾ ਕਰ ਸਕਦੀ ਸੀ, ਓਨਾ ਵੀ ਗੰਭੀਰਤਾ ਨਾਲ ਨਹੀਂ ਕੀਤਾ ਗਿਆ। ਅਰੋੜਾ ਨੇ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਗਆਂਢੀ ਰਾਜਾਂ ਨਾਲੋਂ ਵੱਖਰੀ ਤੇ ਅਤਿ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਰਾਜਸਥਾਨ ‘ਚ ਕੁਝ ਨਸ਼ਿਆਂ ਨੂੰ ਕਾਨੂੰਨੀ ਦਾਇਰੇ ਤੋਂ ਛੋਟ ਦਿੱਤੀ ਹੋਈ ਹੈ ਤੇ ਪੰਜਾਬ ਵਾਂਗ ਹੀ ਰਾਜਸਥਾਨ ਵੀ ਪਾਕਿਸਤਾਨ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਨਾਲ ਜੁੜਦਾ ਹੈ, ਪਰ ਉੱਥੇ ਪੰਜਾਬ ਵਾਂਗ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜਦੇ ਨੌਜਵਾਨਾਂ ਬਾਰੇ ਨਹੀਂ ਸੁਣਿਆ। ਇਸ ਤਰਾਂ ਅਤਿ ਸੰਵੇਦਨਸ਼ੀਲ ਤੇ ਅੱਤਵਾਦ ਪ੍ਰਭਾਵਿਤ ਜੰਮੂ ਤੇ ਕਸ਼ਮੀਰ ‘ਚ ਵੀ ਨਸ਼ੇ ਦੀ ਸਮੱਸਿਆ ਉਸ ਤਰ੍ਹਾਂ ਨਹੀਂ ਸੁਣੀ ਜਿਵੇਂ ਪੰਜਾਬ ‘ਚ ਹਰ ਰੋਜ਼ ਸੁਣਦੇ ਹਾਂ।