ਅੰਮ੍ਰਿਤਸਰ: ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਚਾਰ ਸਤੰਬਰ ਦੀ ਰਾਤ ਨੂੰ ਹੋਏ ਬੰਬ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਹਾਦਸੇ ਨੂੰ ਦੋ ਹਫ਼ਤੇ ਬੀਤਣ ਨੂੰ ਹੋ ਚੱਲੇ ਹਨ, ਪਰ ਤਰਨਤਾਰਨ ਪੁਲਿਸ ਇਸ ਮਾਮਲੇ ਦੇ ਵਿੱਚ ਹਾਲੇ ਤਕ ਕਿਸੇ ਵੀ ਸਿੱਟੇ 'ਤੇ ਨਹੀਂ ਪਹੁੰਚੀ। ਤਰਨਤਾਰਨ ਪੁਲਿਸ ਤੋਂ ਇਲਾਵਾ ਐੱਨਆਈਏ ਸਮੇਤ ਹੋਰ ਏਜੰਸੀਆਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਈ ਲੋਕਾਂ ਕੋਲੋਂ ਪੁੱਛਗਿਛ ਵੀ ਕੀਤੀ ਗਈ ਹੈ ਪਰ ਹਾਲੇ ਤੱਕ ਪੁਲਿਸ ਕਿਸੇ ਵੀ ਸਿੱਟੇ ਤੇ ਪਹੁੰਚਣ 'ਚ ਕਾਮਯਾਬ ਨਹੀਂ ਹੋ ਸਕੀ।


ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਛੇਤੀ ਹੀ ਨਤੀਜੇ 'ਤੇ ਪਹੁੰਚਾਇਆ ਜਾਵੇਗਾ। ਚਾਰ ਸਤੰਬਰ ਦੀ ਰਾਤ ਤਰਨਤਾਰਨ ਦੇ ਪੰਡੋਰੀ ਗੋਲਾ ਪਿੰਡ ਦੇ ਬਾਹਰਵਾਰ ਇੱਕ ਪਲਾਟ ਦੇ ਵਿੱਚ ਅਚਾਨਕ ਜਦੋਂ ਧਮਾਕਾ ਹੋਇਆ ਤਾਂ ਪੰਜਾਬ ਪੁਲਿਸ ਸਮੇਤ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਜੋ ਨੌਜਵਾਨ ਮਾਰੇ ਗਏ ਸਨ, ਉਹ ਖਾਲੀ ਪਲਾਟ ਦੇ ਵਿੱਚ ਬੰਬ ਨੂੰ ਚੈੱਕ ਕਰ ਰਹੇ ਸਨ।


ਹੁਣ ਇਸ ਮਾਮਲੇ ਵਿੱਚ ਤਰਨਤਾਰਨ ਪੁਲਿਸ ਵੱਲੋਂ ਭਾਵੇਂ ਕਈ ਲੋਕਾਂ ਕੋਲੋਂ ਪੁੱਛਗਿਛ ਕੀਤੀ ਗਈ ਹੈ ਪਰ ਪੁਲਿਸ ਹਾਲੇ ਤੱਕ ਕਿਸੇ ਵੀ ਤਰਾਂ ਦਾ ਖੁਲਾਸਾ ਨਹੀਂ ਕਰ ਰਹੀ ਜਦਕਿ ਦੂਜੇ ਪਾਸੇ ਇਸ ਹਾਦਸੇ ਵਿੱਚ ਮਾਰੇ ਗਏ ਹਰਪ੍ਰੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਘਰ ਤੋਂ ਦੁੱਧ ਲੈਣ ਗਿਆ ਸੀ ਤੇ ਉਸ ਦਾ ਕਿਸੇ ਵੀ ਸਮਾਜ ਵਿਰੋਧੀ ਅਨਸਰ ਨਾਲ ਕੋਈ ਸਬੰਧ ਨਹੀਂ ਸੀ। ਤਰਨ ਤਾਰਨ ਪੁਲਿਸ ਦੇ ਐਸਐਸਪੀ ਧਰੁਵ ਦਾਹੀਆ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਫਿਲਹਾਲ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਾਲੇ ਮਾਮਲੇ ਦੀ ਜਾਂਚ ਜਾਰੀ ਹੈ।