ਤਰਨ ਤਾਰਨ: ਸਬ ਡਿਵੀਜ਼ਨ ਪੱਟੀ ਦੀ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਦੇ ਆਦੇਸ਼ਾਂ 'ਤੇ ਐਸਡੀਐਮ ਪੱਟੀ ਨਵਰਾਜ ਸਿੰਘ ਬਰਾੜ ਵੱਲੋਂ ਕੀਤੀ ਜਾਂਚ ਦੇ ਅਧਾਰ 'ਤੇ 2018-2019 ਵਿੱਚ ਬਤੌਰ ਐਸਡੀਐਮ ਪੱਟੀ ਨਿਯੁਕਤ ਰਹੀ ਅਨੁਪ੍ਰੀਤ ਕੌਰ ਸਮੇਤ 6 ਲੋਕਾਂ ਖ਼ਿਲਾਫ਼ 1 ਕਰੋੜ 63 ਲੱਖ 67 ਹਜ਼ਾਰ 975 ਰੁਪਏ ਦੇ ਘਪਲੇ ਦਾ ਮਾਮਲਾ ਦਰਜ ਕੀਤਾ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਉਕਤ ਮੁਲਜ਼ਮਾਂ ਨੇ ਅੰਮ੍ਰਿਤਸਰ-ਬਠਿੰਡਾ 54 ਨੰਬਰ ਚਾਰ ਮਾਰਗੀ ਸੜਕ ਦੇ ਨਿਰਮਾਣ ਲਈ ਕੀਤੀ ਜਾਣ ਜ਼ਮੀਨ ਐਕੁਵਾਇਰ ਦੇ ਪੈਸੇ ਗ਼ਲਤ ਖਾਤਿਆਂ ਵਿੱਚ ਪਾ ਕੇ ਸਰਕਾਰੀ ਅਹੁਦੇ ਦੀ ਗ਼ਲਤ ਵਰਤੋਂ ਕੀਤੀ ਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਉਨ੍ਹਾਂ ਨਾਲ ਇਸ ਮਾਮਲੇ ਵਿੱਚ ਸ਼ਾਮਲ 5 ਹੋਰ ਲੋਕਾਂ ਨੇ ਇਨ੍ਹਾਂ ਪੈਸਿਆਂ ਦੇ ਚੈੱਕ ਆਪਣੇ ਨਾਂ ਲਏ।


ਇਨ੍ਹਾਂ ਵਿੱਚ ਰਾਜਵਿੰਦਰ ਫਤਿਹਪੁਰ ਅਲਗੋ ਥਾਣਾ ਵਲਟੋਹਾ ਨੇ 42 ਲੱਖ 23 ਹਜ਼ਾਰ 121 ਦਾ ਚੈੱਕ ਲਿਆ, ਸਰਤਾਜ ਸਿੰਘ ਵਾਸੀ ਕੋਟ ਦਸੰਦੀ ਮਲ ਥਾਣਾ ਸਿਟੀ ਤਰਨਤਾਰਨ ਨੇ 45 ਲੱਖ 688 ਰੁਪਏ, ਬਿਕਰਮਜੀਤ ਸਿੰਘ ਵਾਸੀ ਹੁਸ਼ਿਆਰਪੁਰ ਨਗਰ ਅੰਮ੍ਰਿਤਸਰ ਨੇ 38 ਲੱਖ, ਗੁਰਮੀਤ ਕੌਰ ਵਾਸੀ ਕੋਟ ਦਸੰਦੀ ਮਲ ਥਾਣਾ ਤਰਨ ਤਾਰਨ ਨੇ 22 ਲੱਖ 83 ਹਜ਼ਾਰ 106 ਰੁਪਏ ਤੇ ਜਸਬੀਰ ਕੌਰ ਵਾਸੀ ਮਾਨਾਵਲਾਂ ਅੰਮ੍ਰਿਤਸਰ ਨੇ 40 ਲੱਖ 63 ਹਜ਼ਾਰ 200 ਰੁਪਏ ਦਾ ਚੈੱਕ ਵਸੂਲ ਕੀਤਾ। ਇਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।