ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਵਿੱਚ ਬੀਤੇ ਕੱਲ੍ਹ ਜਗਮੀਤ ਬਰਾੜ ਤੋਂ ਬਾਅਦ ਅੱਜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ ਵੀ ਬਾਦਲ ਪਰਿਵਾਰ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਟੌਹੜਾ ਪਰਿਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ। ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਅਤੇ ਉਨ੍ਹਾਂ ਦੇ ਪਤੀ ਹਰਮੇਲ ਸਿੰਘ ਟੌਹੜਾ ਤੇ ਦੋਵਾਂ ਦੇ ਪੁੱਤਰ ਨੇ ਸੁਖਬੀਰ ਬਾਦਲ ਨੂੰ ਆਪਣਾ ਸਮਰਥਨ ਦਿੱਤਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌਹੜਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਕੁਲਦੀਪ ਕੌਰ ਟੌਹੜਾ ਨੇ ਵਿਧਾਨ ਸਭਾ ਹਲਕਾ ਸਨੌਰ ਤੋਂ 'ਆਪ' ਦੀ ਟਿਕਟ 'ਤੇ ਚੋਣ ਲੜੀ ਸੀ, ਪਰ ਹਾਰ ਗਏ ਸਨ। ਟੌਹੜਾ ਪਰਿਵਾਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ ਕਿ ਟੌਹੜਾ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੀ ਜੋੜੀ ਮਿਸਾਲ ਸੀ ਅਤੇ ਹੁਣ ਦੋਵੇਂ ਪਰਿਵਾਰ ਮੁੜ ਇਕੱਠੇ ਹੋ ਗਏ ਹਨ।