ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਨਖਾਹ ਕਟੌਤੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਟਾਲਾ ਵੱਟ ਲਿਆ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਵਿਚਾਲੇ ਟਕਰਾਅ ਵਧਣ ਦੇ ਆਸਾਰ ਬਣ ਗਏ ਹਨ। ਸਰਕਾਰ ਅਧਿਆਪਕਾਂ ਦੇ ਸੰਘਰਸ਼ ਨੂੰ ਸਖਤੀ ਨਾਲ ਕੁਚਲਣਾ ਚਾਹੁੰਦੀ ਹੈ ਪਰ ਕਿਸਾਨ, ਮਜ਼ਦੂਰ ਤੇ ਆਮ ਲੋਕਾਂ ਦੀ ਹਮਾਇਤ ਮਿਲਣ ਕਰਕੇ ਅਧਿਆਪਕ ਜਥੇਬੰਦੀਆਂ ਝੁਕਣ ਲਈ ਤਿਆਰ ਨਹੀਂ।
ਦਰਅਸਲ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਸਾਂਝੇ ਅਧਿਆਪਕ ਮੋਰਚੇ ਦੀ ਅੱਜ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣੀ ਸੀ। ਇਸ ਮੀਟਿੰਗ ਨੂੰ ਐਨ ਮੌਕੇ 'ਤੇ ਟਾਲ ਦਿੱਤਾ ਗਿਆ ਹੈ। ਸਰਕਾਰ ਦੀ ਇਸ ਕਾਰਵਾਈ ਮਗਰੋਂ ਅਧਿਆਪਕਾਂ ’ਚ ਕੈਪਟਨ ਸਰਕਾਰ ਖ਼ਿਲਾਫ਼ ਨਾਰਾਜ਼ਗੀ ਤੇ ਬੇਭਰੋਸਗੀ ਦਾ ਮਾਹੌਲ ਬਣ ਗਿਆ ਹੈ। ਮੋਰਚੇ ਨੇ ਸਰਕਾਰ ਖ਼ਿਲਾਫ਼ ਅਗਲੀ ਰਣਨੀਤੀ ਘੜਨ ਲਈ ਅੱਜ ਪਟਿਆਲਾ ਵਿੱਚ ਸੂਬਾ ਕਮੇਟੀ ਦੀ ਬੈਠਕ ਸੱਦ ਲਈ ਹੈ।
ਸਾਂਝੇ ਅਧਿਆਪਕ ਮੋਰਚੇ ਤੇ ਸਿੱਖਿਆ ਵਿਭਾਗ ਦਰਮਿਆਨ ਪਹਿਲਾਂ ਹੀ ਮਾਹੌਲ ਕਥਿਤ ਤਲਖੀ ਵਾਲਾ ਹੈ। ਸੰਘਰਸ਼ੀ ਅਧਿਆਪਕ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਆਰੰਭੇ ‘ਪੜ੍ਹੋ ਪੰਜਾਬ ਪ੍ਰਾਜੈਕਟ’ ਦਾ ਬਾਈਕਾਟ ਕਰ ਰਹੇ ਹਨ, ਜਦੋਂਕਿ ਸਿੱਖਿਆ ਵਿਭਾਗ ਵੱਲੋਂ ਸੰਘਰਸ਼ੀ ਅਧਿਆਪਕਾਂ ’ਤੇ ਬਦਲੀਆਂ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ।
ਸਮਝਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਨਾਲ ਹੋਣ ਵਾਲੀ ਬੈਠਕ ਵਿੱਚ ਸਾਰੇ ਪੇਚੀਦਾ ਮਸਲੇ ਹੱਲ ਹੋ ਜਾਣਗੇ, ਪਰ ਜਿਉਂ ਹੀ ਭਲਕੇ 5 ਨਵੰਬਰ ਦੀ ਮੀਟਿੰਗ ਰੱਦ ਹੋਣ ਬਾਰੇ ਪਤਾ ਲੱਗਾ ਤਾਂ ਅਧਿਆਪਕ ਵਰਗ ’ਚ ਗੁੱਸੇ ਦੀ ਲਹਿਰ ਫੈਲ ਗਈ। ਯਾਦ ਰਹੇ 23 ਅਕਤੂਬਰ ਨੂੰ ਅਧਿਆਪਕ ਵਫ਼ਦ ਦੀ ਚੰਡੀਗੜ੍ਹ ਵਿੱਚ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨਾਲ ਹੋਈ ਗੱਲਬਾਤ ਦੌਰਾਨ ਦੋਵਾਂ ਅਧਿਕਾਰੀਆਂ ਨੇ ਵਫ਼ਦ ਦੀ 5 ਨਵੰਬਰ ਨੂੰ ਸਵੇਰੇ 12 ਵਜੇ ਮੁੱਖ ਮੰਤਰੀ ਪੰਜਾਬ ਨਾਲ ਬੈਠਕ ਤੈਅ ਕਰਵਾਈ ਸੀ।