ਤਰਨ ਤਾਰਨ: ਇੱਥੋਂ ਦੇ ਪਿੰਡ ਖਵਾਸਪੁਰ ‘ਚ ਪੁਲਿਸ ਤੇ ਦਲਿਤ ਭਾਈਚਾਰੇ ਵਿਚਾਲੇ ਤਣਾਅ ਦਾ ਮਾਹੌਲ ਬਣ ਗਿਆ। ਪੁਲਿਸ ਜਦੋਂ ਸ਼ਾਮਲਾਟ ਜ਼ਮੀਨ ਤੋਂ ਕਬਜ਼ਾ ਛੁਡਾਉਣ ਆਈ ਤਾਂ ਦਲਿਤਾਂ ਨੇ ਇਸ ਦਾ ਵਿਰੋਧ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਦਲਿਤਾਂ ਨੇ ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਦਲਿਤਾਂ ਨੂੰ ਕਾਂਗਰਸੀ ਲੀਡਰ ਦੀ ਸ਼ਹਿ ਹੈ।


ਹਾਸਲ ਜਾਣਕਾਰੀ ਮੁਤਾਬਕ ਦਲਿਤ ਭਾਈਚਾਰੇ ਦੇ ਲੋਕਾਂ ਨੇ ਕੁਝ ਦਿਨਾਂ ਤੋਂ ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਪ੍ਰਸਾਸ਼ਨ ਵੱਲੋਂ ਕਈ ਦਿਨਾਂ ਤੋਂ ਕਬਜ਼ਾ ਛੁਡਾਉਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਹੁਣ ਸਥਿਤੀ ਤਣਾਅਪੂਰਨ ਹੋ ਗਈ ਹੈ। ਪਿੰਡ ‘ਚ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ। ਇਸ ਦਾ ਵਿਰੋਧ ਕਬਜ਼ਾਧਾਰੀ ਧਿਰ ਵੱਲੋਂ ਕੀਤਾ ਗਿਆ।


ਵਿਰੋਧ ਮਗਰੋਂ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਇਸ ਮੌਕੇ ਕਬਜ਼ਾਧਾਰੀ ਲੋਕ ਹੱਥਾਂ 'ਚ ਤੇਲ ਵਾਲੀਆਂ ਬੋਤਲਾਂ ਲੈ ਕੇ ਘੁੰਮਦੇ ਦੇਖੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਧੱਕੇ ਨਾਲ ਹਟਾਇਆ ਤਾਂ ਉਹ ਆਤਮ ਹੱਤਿਆ ਕਰ ਲੈਣਗੇ ਪਰ ਇੱਥੋਂ ਨਹੀਂ ਹਟਣਗੇ।

ਦੱਸ ਦਈਏ ਕਿ ਪਿੰਡ ਦੇ 120 ਦਲਿਤ ਪਰਿਵਾਰਾਂ ਨੇ ਜ਼ਮੀਨ 'ਤੇ ਆਰਜ਼ੀ ਘਰ ਬਣਾ ਕੇ ਕਬਜ਼ਾ ਜਮਾਇਆ ਹੋਇਆ ਹੈ। ਕਾਂਗਰਸੀ ਆਗੂ ਭੁਪਿੰਦਰ ਸਿੰਘ ਜੋ ਦਲਿਤਾਂ ਦੀ ਮਦਦ ਕਰ ਰਿਹਾ ਹੈ, ਨੇ ਕਿਹਾ ਕਿ ਪੁਲਿਸ ਧੱਕੇ ਨਾਲ ਹਲਕਾ ਵਿਧਾਇਕ ਦੀ ਸ਼ਹਿ 'ਤੇ ਗਰੀਬ ਲੋਕਾਂ ਨੂੰ ਹਟਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਹਲਕਾ ਵਿਧਾਇਕ, ਉਸ ਦੇ ਪੀਏ ਤੇ ਪਿੰਡ ਦੇ ਸਰਪੰਚ ਦੀ ਹੋਵੇਗੀ।


ਉਧਰ ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਧੱਕੇ ਨਾਲ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਉਸ ਕੋਲ ਜ਼ਮੀਨ ਦਾ ਕੋਈ ਕਾਗਜ਼ ਨਹੀਂ ਹੈ। ਇਸ ਬਾਰੇ ਤਰਨ ਤਾਰਨ ਪੁਲਿਸ ਦੀ ਅਗਵਾਈ ਕਰ ਰਹੇ ਐਸਪੀ ਗੁਰਚਰਨ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਡਿਊਟੀ ਮੈਜਿਸਟ੍ਰੇਟ ਵੱਲੋਂ ਬੁਲਾਇਆ ਗਿਆ ਸੀ। ਪੁਲਿਸ ਨੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ।