Punjab News : ਪੰਜਾਬ 'ਚ ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਖੌਫ਼ ਲਗਾਤਾਰ ਬਣਿਆ ਹੋਇਆ ਹੈ। ਦੂਜੇ ਪਾਸੇ 26 ਜਨਵਰੀ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਇਨਪੁਟਸ ਮਿਲੇ ਹਨ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਮ ਦਾ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਸਕਦਾ ਹੈ।

 ਇਹ ਵੀ ਪੜ੍ਹੋ : ਬਠਿੰਡਾ ਨਗਰ ਨਿਗਮ ਨੂੰ ਲੈ ਕੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਹੋਏ ਆਹਮੋ ਸਾਹਮਣੇ



ਇਸ ਮਾਮਲੇ ਵਿੱਚ ਸੈੱਲ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਆਰਡੀਨੈਂਸ, 2004 ਦੀ ਧਾਰਾ 17, 19, 20, ਆਈਪੀਸੀ ਦੀ ਧਾਰਾ 120ਬੀ ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ ਹੈ। ਜਿਨ੍ਹਾਂ ਸ਼ੱਕੀਆਂ 'ਤੇ FIR ਦਰਜ ਕੀਤੀ ਗਈ ਹੈ ,ਉਨ੍ਹਾਂ ਵਿੱਚ ਪੰਜਾਬ ਦੀ ਜੇਲ 'ਚ ਕੈਦ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਵਾਸੀ ਬਟਾਲਾ, ਗੁਰਦਾਸਪੁਰ ਦਾ ਨਾਂ ਵੀ ਸ਼ਾਮਲ ਹੈ। ਓਥੇ ਹੀ ਹੋਰ ਸ਼ੱਕੀਆਂ ਵਿੱਚ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬੱਲ ਵਾਸੀ ਕਪੂਰਥਲਾ, ਪ੍ਰਕਾਸ਼ ਸਿੰਘ ਵਾਸੀ ਪਟਿਆਲਾ, ਦਰਮਨਜੋਤ ਸਿੰਘ ਉਰਫ਼ ਦਰਮਨ ਕਾਹਲੋਂ ਵਾਸੀ ਤਲਵੰਡੀ, ਅੰਮ੍ਰਿਤਸਰ, ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਮਟੌਰ ਜ਼ਿਲ੍ਹਾ ਮੁਹਾਲੀ ਸ਼ਾਮਲ ਹਨ।




 

SSOC ਨੂੰ ਸੂਚਨਾ ਮਿਲੀ ਹੈ ਕਿ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ (ਹੁਣ ਅਮਰੀਕਾ), ਪ੍ਰਕਾਸ਼ ਸਿੰਘ (ਹੁਣ ਇੰਗਲੈਂਡ), ਦਰਮਨਜੋਤ ਸਿੰਘ (ਹੁਣ ਅਮਰੀਕਾ) ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਹੋਏ ਹਨ। ਇਸ ਨੂੰ ਪਰਮਜੀਤ ਸਿੰਘ ਪੰਮਾ (ਹੁਣ ਇੰਗਲੈਂਡ) ਵੱਲੋਂ ਚਲਾਇਆ ਜਾ ਰਿਹਾ ਹੈ। ਉਹ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (SFJ) ਸੰਗਠਨ ਨਾਲ ਵੀ ਜੁੜਿਆ ਹੋਇਆ ਹੈ।


 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ 'ਚ ਅੰਮ੍ਰਿਤਸਰ ਦੇ ਪੁਲਿਸ ਥਾਣਾ ਸਰਹਾਲੀ 'ਤੇ ਰਾਕੇਟ ਲਾਂਚਰ ਦਾਗ ਦਿੱਤਾ ਗਿਆ ਸੀ , ਜੋ ਕਿ ਥਾਣੇ ਅੰਦਰ ਮੌਜੂਦ ਸਾਂਝ ਕੇਂਦਰ 'ਤੇ ਜਾ ਡਿੱਗਿਆ। ਇਸ ਕਾਰਨ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਸਨ। ਸਾਂਝ ਕੇਂਦਰ 'ਚ ਉਸ ਵੇਲੇ ਕੋਈ ਵੀ ਮੌਜੂਦ ਨਹੀਂ ਸੀ। ਹਮਲੇ ਇਸ ਦੌਰਾਨ ਥਾਣੇ 'ਚ ਡਿਊਟੀ ਅਫ਼ਸਰ ਸਣੇ ਕੁੱਝ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ, ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਣ ਸਬੰਧੀ ਖ਼ਬਰ ਮਿਲੀ ਸੀ।