ਪਟਿਆਲਾ: ਥਾਪਰ ਕਾਲਜ ਦੇ ਵਿਦਿਆਰਥੀਆਂ ਨੇ ਕੱਲ੍ਹ ਬੀਤੀ ਰਾਤ 2 ਵਜੇ ਤਕ ਆਪਣੀਆਂ ਮੰਗਾਂ ਸਬੰਧੀ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਇੱਕ ਪਾਸੇ ਕਾਲਜ ਮੈਨੇਜਮੈਂਟ ਨੇ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ ਤੇ ਦੂਜੇ ਪਾਸੇ ਉਨ੍ਹਾਂ ਨੂੰ ਹੋਸਟਲਾਂ ਵਿੱਚ ਖਾਣਾ ਵੀ ਸਹੀ ਨਹੀਂ ਮਿਲਦਾ। ਲੜਕੀਆਂ ਨੇ ਹੋਸਟਲ ਵਿੱਚ ਆਉਣ-ਜਾਣ ਦੇ ਸਮੇਂ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਬੀਤੀ ਰਾਤ ਨੂੰ ਤਾਂ ਮੈਨੇਜਮੈਂਟ ਨੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਵਿਦਿਆਰਥੀਆਂ ਨੂੰ ਧਰਨੇ ਤੋਂ ਉਠਾ ਦਿੱਤਾ ਸੀ। ਅੱਜ ਮੈਨੇਜਮੈਂਟ ਤੇ ਵਿਦਿਆਰਥੀਆਂ ਵਿੱਚ ਚੰਗੀ ਤਰ੍ਹਾਂ ਗੱਲਬਾਤ ਹੋਈ। ਇਸ ਵਿੱਚ ਫੈਸਲਾ ਲਿਆ ਗਿਆ ਹੈ ਕਿ ਪ੍ਰਤੀ ਸਮੈਟਰ ਫੀਸ ਵਿੱਚ 4,000 ਰੁਪਏ ਦਾ ਵਾਧਾ ਕੀਤਾ ਗਿਆ ਜਿਸ ਨੂੰ ਘਟਾ ਕੇ 2,000 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਫੀਸਾਂ 'ਚ ਵਾਧੇ ਕਾਰਨ ਰਾਤ ਸਮੇਂ ਸੜਕਾਂ 'ਤੇ ਉੱਤਰੇ ਥਾਪਰ ਕਾਲਜ ਦੇ ਵਿਦਿਆਰਥੀ
ਇਸ ਤੋਂ ਇਲਾਵਾ ਲਾਂਡਰੀ ਮਸ਼ੀਨਾਂ ਦੀ ਸਹੂਲਤ ਦੇਣ, ਸਫ਼ਾਈ ਦੇ ਪ੍ਰਬੰਧਾਂ ਅਤੇ ਖਾਣੇ ਦੀ ਕੁਆਲਟੀ ਵੱਲ ਧਿਆਨ ਦੇਣ ਦੀ ਗੱਲ ਕੀਤੀ ਗਈ। ਇਸ ਦੇ ਨਾਲ ਹੀ ਹੋਸਟਲ ਦੀਆਂ ਲੜਕੀਆਂ ਦੀ ਮੰਗ ਬਾਰੇ ਵੀ ਅਹਿਮ ਫੈਸਲਾ ਲਿਆ ਗਿਆ। ਮੈਨੇਜਮੈਂਟ ਨੇ ਕਿਹਾ ਕਿ ਜੇ ਲੜਕੀਆਂ ਦੇ ਮਾਪੇ ਲਿਖਤ ਵਿੱਚ ਸਹਿਮਤੀ ਦੇ ਦੇਣ ਤਾਂ ਉਹ ਹੋਸਟਲ ਆਉਣ-ਜਾਣ ਦੀ ਸਮਾਂ ਸੀਮਾ ਖ਼ਤਮ ਕਰਨ ਲਈ ਤਿਆਰ ਹਨ।