ਚੰਡੀਗੜ੍ਹ: ਸੰਗਰੂਰ ਵਿੱਚ ਟਕਸਾਲੀਆਂ ਦੀ ਬਾਦਲ ਪਰਿਵਾਰ ਨੂੰ ਵੰਗਾਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਢੀਂਡਸਾ ਪਰਿਵਾਰ ਵੱਲੋਂ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਮਲਵਾ ਵਿੱਚ ਬਾਦਲਾਂ ਦਾ ਸਿਆਸੀ ਸ਼ਰੀਕ ਉੱਠ ਖੜ੍ਹਾ ਹੈ। ਢੀਂਡਸਾ ਪਰਿਵਾਰ ਨੇ ਉਸੇ ਥਾਂ 'ਤੇ ਰੈਲੀ ਕੀਤੀ ਜਿੱਥੇ ਦੋ ਫਰਵਰੀ ਨੂੰ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਕੀਤੀ ਸੀ।


ਉਸ ਵੇਲੇ ਢੀਂਡਸਾ ਪਰਿਵਾਰ ਨੇ ਐਲਾਨ ਕੀਤਾ ਸੀ ਕਿ ਸੁਖਬੀਰ ਬਾਦਲ ਨੇ ਤਾਂ ਪੰਜਾਬ ਪੱਧਰੀ ਰੈਲੀ ਕੀਤੀ ਹੈ, ਉਹ ਸਿਰਫ ਦੋ ਜ਼ਿਲ੍ਹਿਆਂ ਅੰਦਰੋਂ ਹੀ ਇਸ ਤੋਂ ਵੱਡੀ ਰੈਲੀ ਕਰਕੇ ਦਿਖਾਉਣਗੇ। ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਰੈਲੀ ਸੁਖਬੀਰ ਦੇ ਇਕੱਠ ਨੂੰ ਪੂਰੀ ਟੱਕਰ ਦਿੰਦੀ ਸੀ। ਉਂਝ ਮੰਨਿਆ ਜਾ ਰਿਹਾ ਹੈ ਕਿ ਢੀਂਡਸਾ ਪਰਿਵਾਰ ਦੀ ਰੈਲੀ ਵਿੱਚ ਵੀ ਬਾਹਰੋਂ ਲੋਕ ਪਹੁੰਚੇ ਸੀ।

ਸਭ ਤੋਂ ਅਹਿਮ ਗੱਲ਼ ਹੈ ਕਿ ਢੀਂਡਸਿਆਂ ਨੇ ਲੋਕਾਂ ਤੋਂ ਹੀ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ। ਇਹ ਉਸੇ ਅੰਦਾਜ਼ ਵਿੱਚ ਸੀ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਢੀਂਡਸਿਆਂ ਨੂੰ ਅਕਾਲੀ ਦਲ ਵਿੱਚੋਂ ਕੱਢਣ ਲਈ ਕੀਤਾ ਸੀ। ਦੋ ਫਰਵਰੀ ਨੂੰ ਇਸੇ ਥਾਂ ’ਤੇ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਸੁਖਬੀਰ ਬਾਦਲ ਨੇ ਮਤੇ ਪਾਸ ਕਰਵਾਏ ਸਨ।

ਇਸ ਮੌਕੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਪਾਸ ਕੀਤਾ ਗਿਆ। ਅਕਾਲ ਤਖ਼ਤ ਸਾਹਿਬ ਦੀ ਸ਼ਾਨ ਬਹਾਲ ਕਰਵਾਉਣ, ਸ਼੍ਰੋਮਣੀ ਕਮੇਟੀ ’ਚ ਹੋਏ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਕਮੇਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਾਰਵਾਉਣ ਦੀ ਮੰਗ ਵੀ ਕੀਤੀ ਗਈ। ਮਤਾ ਪਾਸ ਕਰ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਤੇ ਰਿਹਾਈ ਦੀ ਮੰਗ ਵੀ ਕੀਤੀ ਗਈ।

ਇਸ ਤੋਂ ਇਲਾਵਾ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦੇਣ ਬਾਰੇ ਵੀ ਮਤਾ ਪਾਸ ਕੀਤਾ ਗਿਆ। ਅਸਾਮ ਵਿੱਚ ਗੁਰਦੁਆਰਾ ਡਾਂਗਮਾਰ, ਉੜੀਸਾ ’ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂ ਮੱਠ, ਯੂਪੀ ਵਿਚ ਗੁਰਦੁਆਰਾ ਗਿਆਨ ਗੋਦੜੀ ਜਿਹੇ ਮਾਮਲਿਆਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਹੱਲ ਕਰਨ ਦੀ ਮੰਗ ਵੀ ਕੀਤੀ ਗਈ। ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ, ਭ੍ਰਿਸ਼ਟਾਚਾਰ ਘਟਾਉਣ, ਬਿਜਲੀ ਸਸਤੀ ਕਰਨ, ਬਿਜਲੀ ਸਮਝੌਤੇ ਰੱਦ ਕਰਨ, ਮੁਲਾਜ਼ਮਾਂ, ਕਿਸਾਨਾਂ ਨਾਲ ਜੁੜੀਆਂ ਮੰਗਾਂ ਵੀ ਮਤਿਆਂ ਵਿੱਚ ਸ਼ਾਮਲ ਸਨ।

ਇਸ ਮੌਕੇ ਪਰਮਿੰਦਰ ਢੀਂਡਸਾ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ‘ਜੇਕਰ ਇੱਕ ਵਿਅਕਤੀ ਦੀ ਕਾਰਗੁਜ਼ਾਰੀ ਖ਼ਿਲਾਫ਼ ਬੋਲਣਾ ਪਿੱਠ ’ਚ ਛੁਰਾ ਮਾਰਨਾ ਹੈ ਤਾਂ ਅਸੀਂ ਪਿੱਠ ’ਚ ਛੁਰਾ ਜ਼ਰੂਰ ਮਾਰਿਆ ਹੈ ਪਰ ਜਿਨ੍ਹਾਂ ਨੇ ਸਿੱਖ ਕੌਮ ਤੇ ਸਿੱਖ ਪ੍ਰੰਪਰਾ ਦਾ ਘਾਣ ਕਰ ਦਿੱਤਾ, ਉਨ੍ਹਾਂ ਨੂੰ ਸਵਾਲ ਕੌਣ ਕਰੇਗਾ?’ ਉਨ੍ਹਾਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਵੱਲੋਂ ਇਸ ਥਾਂ ’ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ ਪਰ ਉਹ ਆਪਣੇ ਦੁਸ਼ਮਣ ਬਾਰੇ ਵੀ ਅਜਿਹਾ ਨਹੀਂ ਸੋਚ ਸਕਦੇ। ਉਹ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਨ।