ਚੰਡੀਗੜ੍ਹ: ਪੰਜਾਬ ਦੀ ਸਿਆਸਤ 'ਚ 16 ਦਸੰਬਰ ਨੂੰ ਉਬਾਲ ਆਏਗਾ। ਇਸ ਦਿਨ ਇੱਕ ਪਾਸੇ ਪੰਚਾਇਤੀ ਚੋਣਾਂ ਕਰਕੇ ਸਿਆਸੀ ਪਾਰਾ ਚੜ੍ਹਿਆ ਹੋਏਗਾ ਤੇ ਦੂਜੇ ਪਾਸੇ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦਾ ਸੁਖਪਾਲ ਖਹਿਰਾ ਦੀ ਅਗਵਾਈ ਵਾਲਾ ਬਾਗੀ ਧੜਾ 16 ਦਸੰਬਰ ਨੂੰ ਨਵੀਂ ਪਾਰਟੀ ਬਾਰੇ ਵੱਡਾ ਐਲਾਨ ਕਰੇਗਾ। ਇਸ ਦੇ ਨਾਲ ਹੀ ਅਕਾਲੀ ਦਲ ਦੇ ਬਾਗ਼ੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਵੀ ਇਸ ਦਿਨ ਆਪਣੇ ਪੱਤੇ ਖੋਲ੍ਹਣਗੇ।

ਦਰਅਸਲ ‘ਆਪ’ ਦੇ ਬਾਗ਼ੀ ਧੜੇ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਤੇ ਪੰਜਾਬ ਮੰਚ ਦੇ ਮੁਖੀ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ 8 ਦਸੰਬਰ ਤੋਂ ਨੌਂ ਰੋਜ਼ਾ ਇਨਸਾਫ਼ ਮਾਰਚ, ਤਲਵੰਡੀ ਸਾਬੋ ਤੋਂ ਕੀਤਾ ਗਿਆ ਹੈ। ਇਹ ਮਾਰਚ 16 ਦਸੰਬਰ ਨੂੰ ਪਟਿਆਲੇ ਖਤਮ ਹੋਵੇਗਾ, ਜਿੱਥੇ ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਕੋਈ ਵੱਡਾ ਸਿਆਸੀ ਐਲਾਨ ਕਰਨਗੇ।

ਦੂਜੇ ਪਾਸੇ 16 ਦਸੰਬਰ ਨੂੰ ਹੀ ਬਾਗੀ ਟਕਸਾਲੀ ਅਕਾਲੀ ਲੀਡਰ ਵੀ ਆਪਣੀ ਅਗਲੀ ਰਣਨੀਤੀ ਐਲਾਨਣਗੇ। ਉਨ੍ਹਾਂ ਵੱਲ਼ੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹ 16 ਦਸੰਬਰ ਨੂੰ ਅਗਲੇ ਪੱਤੇ ਖੋਲ੍ਹਣਗੇ। ਉਂਝ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਵਾਂ ਅਕਾਲੀ ਦਲ ਬਣਾਉਣ ਦੇ ਐਲਾਨ ਦਾ ਸਵਾਗਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਖਹਿਰਾ ਨੇ ਇਤਰਾਜ਼ ਕੀਤਾ ਸੀ ਕਿ ਉਨ੍ਹਾਂ ਨਾਲ ਸਲਾਹ ਕਰਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਸੀ।