ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਤੇ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨਾਲ ਮਿਲ ਕੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਬੇਸ਼ੱਕ ਬੀਜੇਪੀ ਤੇ ਕੈਪਟਨ ਦੀ ਨਵੀਂ ਪਾਰਟੀ ਵਿਚਾਲੇ ਗੱਠਜੋੜ ਤਾਂ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਪਰ ਹੁਣ ਇਸ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਐਂਟਰੀ ਬਾਰੇ ਦਾਅਵੇ ਨਾਲ ਕਈ ਸਵਾਲ ਉੱਠਣ ਲੱਗੇ ਹਨ। ਉਂਝ ਸੁਖਦੇਵ ਸਿੰਘ ਢੀਂਡਸਾ ਨੇ ਅਜੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।


ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੈਪਟਨ ਨੇ ਸੋਮਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਚੰਡੀਗੜ੍ਹ ਵਿੱਚ ਅਚਨਚੇਤ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਕਈ ਅਰਥ ਕੱਢੇ ਜਾ ਰਹੇ ਹਨ ਪਰ ਇਹ ਅਗਾਮੀਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੀ ਹੋਈ ਹੈ।


ਇਸ ਮੀਟਿੰਗ ਮਗਰੋਂ ਕੈਪਟਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਚੁੱਕੇ ਧੜੇ (ਸੁਖਦੇਵ ਸਿੰਘ ਢੀਂਡਸਾ) ਨਾਲ ਮਿਲ ਕੇ ਸੂਬੇ ਵਿੱਚ ਅਗਲੀ ਸਰਕਾਰ ਬਣਾਏਗੀ। ਕੈਪਟਨ ਨੇ ਕਿਹਾ ਕਿ ਬੀਜੇਪੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਲਈ ਉਹ ਅਗਲੇ ਦਿਨੀਂ ਦਿੱਲੀ ਜਾਣਗੇ, ਜਿੱਥੇ ਟਿਕਟਾਂ ਦੀ ਵੰਡ ਸਬੰਧੀ ਗੱਲਬਾਤ ਹੋਵੇਗੀ।


ਕੈਪਟਨ ਨੇ ਕਿਹਾ ਕਿ ‘ਪੰਜਾਬ ਲੋਕ ਕਾਂਗਰਸ’ ਵਿੱਚ ਅਗਲੇ ਦਿਨਾਂ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਹੋਣਗੇ, ਜਿਸ ਬਾਰੇ ਖੁਲਾਸਾ ਸਮਾਂ ਆਉਣ ’ਤੇ ਕੀਤਾ ਜਾਵੇਗਾ। ਮੌਜੂਦਾ ਸਮੇਂ ਪੰਜਾਬ ਲੋਕ ਕਾਂਗਰਸ ਨਾਲ ਵੱਡੀ ਗਿਣਤੀ ਲੋਕ ਜੁੜ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੋਰਨਾਂ ਸਿਆਸੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਏਗੀ।


ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ, ਜਿਨ੍ਹਾਂ ਨੂੰ ਰੱਦ ਕਰਨ ਬਾਰੇ ਅੱਜ ਸੰਸਦ ਨੇ ਵੀ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਕਈ ਹੋਰ ਮੰਗਾਂ ਮੰਨ ਲਈਆਂ ਹਨ, ਲਿਹਾਜ਼ਾ ਹੁਣ ਹੋਰ ਕੋਈ ਮੁੱਦਾ ਨਹੀਂ ਰਿਹਾ।



ਇਹ ਵੀ ਪੜ੍ਹੋ: ਪੈਨਸ਼ਨਧਾਰਕਾਂ ਲਈ ਖੁਸ਼ਖਬਰੀ! ਹੁਣ ਪੈਨਸ਼ਨ ਲੈਣ ਲਈ ਸਿਰਫ ਤੁਹਾਡਾ ਚਿਹਰਾ ਹੀ ਕਰੇਗਾ ਕੰਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904