Punjab News: ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਰੋਕ ਲਈ ਹਰਿਆਣਾ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਹਰਿਆਣਾ ਦੇ ਅੱਧੋ ਵੱਧ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਠੱਪ ਕਰ ਦਿੱਤਾ ਹੈ। ਸਟੇਡੀਅਮਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿੱਚ ਬਦਲ ਦਿੱਤਾ ਹੈ। ਸੜਕਾਂ ਉੱਤੇ ਕਿੱਲ ਲਾ ਦਿੱਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਕੀਮਤ ਉੱਤੇ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇ।






ਇਸ ਮੌਕੇ ਕਾਂਗਰਸ ਦੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦਿੱਲੀ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਕਿਸਾਨਾਂ ਦੀ ਆਵਾਜ਼ ਨੂੰ ਡਰਾਉਣ ਅਤੇ ਦਬਾਉਣ ਲਈ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦੁਆਰਾ ਅਪਣਾਏ ਜਾ ਰਹੇ ਸਖ਼ਤ ਕਦਮਾਂ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ ਹੈ। ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਤਾਂ ਆਸਮਾਨ ਨਹੀਂ ਡਿੱਗੇਗਾ ਕਿਉਂਕਿ ਕਿਸਾਨਾਂ ਨੇ ਦਿਖਾਇਆ ਹੈ ਕਿ ਉਨ੍ਹਾਂ ਦਾ ਅੰਦੋਲਨ ਸ਼ਾਂਤਮਈ ਹੈ ਪਰ ਉਨ੍ਹਾਂ ਨੂੰ ਰਾਜ ਸੱਤਾ ਵੱਲੋਂ ਭੜਕਾਇਆ ਜਾ ਰਿਹਾ ਹੈ।






ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਓ ਮੋਦੀ ਸਾਬ! ਇਹ ਪੰਜਾਬ ਏ ਪੰਜਾਬ ਚੀਕਾਂ ਕਢਵਾ ਦੇਵੇਗਾ ਚੀਕਾਂ! ਤੁਸੀਂ ਲੋਕਤੰਤਰ ਖ਼ਤਮ ਕਰਨਾ ਚਾਹੁੰਦੇ ਹੋ? ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਉੱਤੇ ਭਾਰੀ ਫੋਰਸ ਲਗਾ ਕੇ ਤੁਸੀਂ ਜ਼ੋਰ ਜ਼ਬਰਦਸਤੀ ਨਾਲ ਅੰਨਦਾਤਾ ਨੂੰ ਰੋਕਣਾ ਚਾਹੁੰਦੇ ਹੋ?  ਕਿਸਾਨ ਇਹ ਨਹੀਂ ਹੋਣ ਦੇਵੇਗਾ । ਇਹ ਗੱਲ ਕੇਂਦਰ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ।