India-Canada Row: ਕੈਨੇਡਾ ਤੇ ਭਾਰਤ ਵਿਚਾਲੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਛਿੜਿਆ ਵਿਵਾਦ ਆਏ ਦਿਨ ਨਵੀਆਂ ਪੌੜ੍ਹੀਆਂ ਚੜ੍ਹਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਲੀਡਰਾਂ ਦੇ ਵੱਖੋ-ਵੱਖਰੇ ਪ੍ਰਤੀਕਰਮ ਵੀ ਆ ਰਹੇ ਹਨ ਪਰ ਇਸ ਕਲੇਸ਼ ਨਾਲ ਕਿਤੇ ਨਾ ਕਿਤੇ ਪੰਜਾਬੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਤੇ ਜਿਸ ਨੂੰ ਲੈ ਕੇ ਪੰਜਾਬ ਦੇ ਲੀਡਰ ਵੀ ਤੌਖਲਾ ਪ੍ਰਗਟ ਕਰ ਰਹੇ ਹਨ। ਇਸ ਨੂੰ ਲੈ ਸੁਖਬੀਰ ਬਾਦਲ ਨੇ ਕਿਹਾ ਹੈ ਦੋਵਾਂ ਦੇਸ਼ਾਂ ਨੂੰ ਮਿਲ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।


ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵਿੱਚ ਜੋ ਹਲਾਤ ਬਣ ਗਏ ਹਨ, ਇਸ ਦਾ ਬਹੁਤ ਵੱਡਾ ਅਸਰ ਹੋ ਰਿਹਾ ਹੈ। ਇਸ ਨਾਲ ਲੋਕ ਫਿਕਰਮੰਦ ਹੋ ਗਏ ਹਨ। ਹਰ ਪੰਜਾਬ ਹਜ਼ਾਰਾਂ ਨੌਜਵਾਨ ਵਿਦੇਸ਼ ਵਿੱਚ ਪੜ੍ਹਣ ਲਈ ਜਾਂਦੇ ਹਨ ਤੇ ਕਈ ਪਰਿਵਾਰਾਂ ਨੂੰ ਮਿਲਣ ਲਈ ਜਾਂਦੇ ਹਨ ਜਾਂ ਫਿਰ ਕਈ ਇੱਥੇ ਰਹਿ ਰਹੇ ਪਰਿਵਾਰਾਂ ਕੋਲ ਆਉਂਦੇ ਹਨ ਪਰ ਹੁਣ ਜੋ ਹਲਾਤ ਬਣ ਗਏ ਹਨ ਇਸ ਨਾਲ ਉਹ ਚਿੰਤਾ ਵਿੱਚ ਹਨ ਕੀ ਪਤਾ ਨਹੀਂ ਹੁਣ ਕੀ ਹੋਵੇਗਾ ? ਕੀ ਉਹ ਵਾਪਸ ਜਾ ਸਕਣਗੇ ਜਾਂ ਫਿਰ ਉਨ੍ਹਾਂ ਦੇ ਬੱਚਿਆ ਨਾਲ ਕੀ ਹੋਵੇਗਾ ?






ਬਾਦਲ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਭਾਰਤੀਆਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪੈ ਰਿਹਾ ਹੈ ਜੋ ਕਿ ਸਾਰੇ ਹੀ ਦੇਸ਼ਭਗਤ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਨ। ਪੰਜਾਬ, ਪੰਜਾਬੀ ਤੇ ਖਾਸ ਕਰਕੇ ਸਿੱਖ, ਜਿੰਨ੍ਹਾਂ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਜਦੋਂ ਵੀ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤਾਂ ਬੰਬ ਤਾਂ ਪੰਜਾਬੀਆਂ ਉੱਤੇ ਹੀ ਡਿੱਗਦੇ ਹਨ।


ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਹਲਾਤ ਅੱਜ ਬਣਾ ਦਿੱਤੇ ਗਏ ਹਨ ਕਿ ਸਿੱਖਾਂ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਇਸ ਨੂੰ ਰੋਕਿਆ ਜਾਵੇ ਤੇ ਦੋਵੇਂ ਦੇਸ਼ ਮਿਲਕੇ ਇਸ ਦਾ ਕੋਈ ਛੇਤੀ ਹੀ ਹੱਲ ਕੱਢਣ।