Punjab Weather Report: ਪੰਜਾਬ ਵਿੱਚ ਮੌਸਮ ਨੇ ਕਰਵਟ ਲਈ ਹੈ। ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਸਿਲਸਿਲਾ 30 ਜੂਨ ਤੱਕ ਜਾਰੀ ਰਹੇਗਾ। ਮੌਸਮ ਵਿਗਿਆਨੀਆਂ ਨੇ 27 ਤੇ 28 ਜੂਨ ਨੂੰ ਮੱਧਮ ਮੀਂਹ ਤੇ 29 ਤੇ 30 ਜੂਨ ਨੂੰ ਗਰਜ ਤੇ ਚਮਕ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਬਾਰਸ਼ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਝੋਨੇ ਦੀ ਲੁਆਈ ਕਰ ਰਹੇ ਕਿਸਾਨਾਂ ਲਈ ਵੀ ਬਾਰਸ਼ ਵਰਦਾਨ ਸਾਬਤ ਹੋਏਗੀ।



ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਸੋਮਵਾਰ ਨੂੰ ਵੀ ਕਈ ਇਲਾਕਿਆਂ ਵਿੱਚ ਬਾਰਸ਼ ਹੋਈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਝੋਨੇ ਦੀ ਲੁਆਈ ਮੌਕੇ ਪੈ ਰਹੇ ਇਸ ਮੀਂਹ ਨਾਲ ਕਿਸਾਨਾਂ ਨੂੰ ਵੀ ਮਦਦ ਮਿਲੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਸਭ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਦੋਵੇਂ ਸ਼ਹਿਰਾਂ ਵਿੱਚ ਬੀਤੀ ਪੂਰੀ ਰਾਤ ਮੀਂਹ ਪੈਂਦਾ ਰਿਹਾ। 


ਮੀਂਹ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ’ਚ ਗਿਰਾਵਟ ਆਉਣ ਨਾਲ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਪਿਛਲੇ ਦਿਨਾਂ ਦੌਰਾਨ ਪੈ ਰਹੀ ਅਤਿ ਦੀ ਗਰਮੀ ਕਾਰਨ ਬਿਜਲੀ ਦੀ ਮੰਗ 15000 ਮੈਗਾਵਾਟ ਤੋਂ ਉੱਪਰ ਟੱਪ ਚੁੱਕੀ ਸੀ ਤੇ ਹੁਣ ਮੀਂਹ ਪੈਣ ਮਗਰੋਂ ਇਹ ਮੰਗ ਕਾਫ਼ੀ ਘੱਟ ਗਈ ਗਈ ਹੈ। ਇਸੇ ਕਰਕੇ ਸਰਕਾਰ ਨੂੰ ਕਈ ਥਰਮਲ ਬੰਦ ਕਰਨੇ ਪਏ ਹਨ। 



ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਸੂਬੇ ਦੇ ਲਗਪਗ ਡੇਢ ਦਰਜਨ ਸ਼ਹਿਰਾਂ ਦਾ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਹੁਸ਼ਿਆਰਪੁਰ ਵਿੱਚ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਘੱਟ ਹੈ। 


ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ 113.2 ਐਮਐਮ, ਗੁਰਦਾਸਪੁਰ ਵਿੱਚ 65.7 ਐਮਐਮ, ਚੰਡੀਗੜ੍ਹ ਵਿੱਚ 41.8 ਐਮਐਮ, ਫ਼ਰੀਦਕੋਟ ਵਿੱਚ 24.8 ਐਮਐਮ, ਫਿਰੋਜ਼ਪੁਰ ਵਿੱਚ 20.4 ਐਮਐਮ, ਰੋਪੜ ਵਿੱਚ 16.5 ਐਮਐਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਮੁਕਤਸਰ, ਮੁਹਾਲੀ, ਜਲੰਧਰ ਤੇ ਫ਼ਤਹਿਗੜ੍ਹ ਸਾਹਿਬ ਸਣੇ ਸੂਬੇ ’ਚ ਕਈ ਥਾਈਂ ਹਲਕੇ ਛਿੱਟੇ ਵੀ ਪਏ।


Read More: Chandigarh Weather: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਅਗਲੇ ਚਾਰ ਦਿਨ ਮੌਸਮ ਰਹੇਗਾ ਸੁਹਾਵਣਾ