ਲੁਧਿਆਣਾ: ਸ਼ਹਿਰ ਦੇ ਕਸਬਾ ਜਗਰਾਉਂ 'ਚ ਸ਼ੁੱਕਰਵਾਰ ਰਾਤ ਚੋਰੋਂ ਨੇ ਤਿੰਨ ਵੱਡੀਆਂ ਦੁਕਾਨਾਂ 'ਚ ਚੋਰੀ ਕਰ ਲੱਖਾਂ ਰੁਪਏ ਤੋਂ ਇਲਾਵਾ ਹੋਰ ਕਈਂ ਚੀਜ਼ਾਂ 'ਤੇ ਹੱਥ ਸਾਫ਼ ਕੀਤਾ। ਸ਼ਨੀਵਾਰ ਸਵੇਰੇ ਦੁਕਾਨਦਾਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਡੀਐਸਪੀ ਗੁਰਦੀਪ ਸਿੰਘ ਕੌਸ਼ਲ ਹੋਰ ਪੁਲਿਸ ਅਧਿਕਾਰੀਆਂ ਮੌਕੇ 'ਤੇ ਪਹੁੰਚੇ।
ਜਾਣਕਾਰੀ ਮੁਤਾਬਕ ਚੋਰਾਂ ਨੇ ਸਥਾਨਕ ਕਮਲ ਚੌਕ ਨੇੜੇ ਸੇਠੀ ਪਲਾਈਵੁੱਡ ਦੁਕਾਨ ਦਾ ਸ਼ਟਰ ਤੋੜਕੇ ਕਰੀਬ ਡੇਢ ਲੱਖ ਦੀ ਨਕਦੀ ਚੋਰੀ ਕਰ ਲਈ। ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਖ਼ਰਾਬ ਹੋਣ ਕਾਰਨ ਚੋਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਚੋਰਾਂ ਨੇ ਸਥਾਨਕ ਤਹਿਸੀਲ ਰੋਡ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਦੇ ਸਾਹਮਣੇ ਰਨਵੇ ਇਮੀਗ੍ਰੇਸ਼ਨ ਦੀ ਦੁਕਾਨ ਦਾ ਸ਼ਟਰ ਹੀ ਪੁਟ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਇਸ ਦੇ ਨਾਲ ਹੀ ਤੀਜੀ ਚੋਰੀ ਦੀ ਵਾਰਦਾਤ ਤਹਿਸੀਲ ਰੋਡ 'ਤੇ ਪਹਿਲਵਾਨ ਢਾਬੇ ਦੇ ਸਾਹਮਣੇ ਸੁਪਰ ਸੈਨੇਟਰੀ ਸਟੋਰ 'ਚ ਹੋਈ। ਚੋਰਾਂ ਨੇ ਇਸ ਦੁਕਾਨ ਦਾ ਵੀ ਸ਼ਟਰ ਤੋੜ ਚੋਰੀ ਕੀਤੀ। ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਹੀਰਾ ਸਿੰਘ ਮੁਤਾਬਿਕ ਸੁਪਰ ਸੈਨੇਟਰੀ ਸਟੋਰ ਤੋਂ ਕੋਈ ਵੱਡੀ ਚੋਰੀ ਨਹੀਂ ਹੋਈ ਹੈ। ਇਸ ਲਈ ਦੁਕਾਨਦਾਰ ਨੇ ਕੇਸ ਦਰਜ ਨਹੀਂ ਕੀਤਾ। ਦੁਕਾਨਦਾਰ ਨੇ ਪੁਲਿਸ ਦੀ ਕਾਰਵਾਈ ਤੋਂ ਵੀ ਇਨਕਾਰ ਕੀਤਾ ਹੈ।
ਜਗਰਾਉਂ ਵਿਖੇ ਰਾਤ ਸਮੇਂ ਹੋਈਆਂ ਇਨ੍ਹਾਂ ਚੋਰੀਆਂ ਦੇ ਸਬੰਧ ਵਿੱਚ ਜਾਂਚ ਸ਼ੁਰੂ ਕਰ ਦੀਤੀ ਗਈ ਹੈ। ਇਨ੍ਹਾਂ ਚੋਰੀਆਂ ਦਾ ਪਤਾ ਲਗਾਉਣ ਲਈ ਡੋਗ ਸੁਕਐਡ ਅਤੇ ਫਿੰਗਰ ਐਕਸਪਰਟ ਦੀ ਮਦਦ ਲਈ ਜਾ ਰਹੀ ਹੈ। ਮਾਹਰ ਟੀਮਾਂ ਨੇ ਲੁੱਟ ਦੀਆਂ ਥਾਂਵਾਂ ਦੀ ਸਮੀਖਿਆ ਕੀਤੀ ਅਤੇ ਸਬੂਤ ਇਕੱਠੇ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਚੋਰੀ ਦੇ ਇਨ੍ਹਾਂ ਮਾਮਲਿਆਂ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਇਕ ਰਾਤ ਵਿੱਚ ਹੋਈਆਂ ਇਨ੍ਹਾਂ ਚੋਰੀਆਂ ਤੋਂ ਬਾਅਦ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ।