ਚੰਡੀਗੜ੍ਹ: ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਲੱਭਣ 'ਚ ਮੁਸ਼ੱਕਤ ਕਰਨੀ ਪੈ ਰਹੀ ਹੈ। ਲੋਕ ਸਭਾ ਚੋਣਾਂ ਦੋਵਾਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਹਨ। ਇਸ ਲਈ ਇਨ੍ਹਾਂ ਨੂੰ ਜਿੱਤਣ ਵਾਲੇ ਧੜੱਲੇਦਾਰ ਉਮੀਦਵਾਰਾਂ ਦੀ ਤਲਾਸ਼ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਤਾਂ ਲਾਂਭੇ ਹੀ ਹੋ ਗਏ ਹਨ। ਇਨ੍ਹਾਂ ਵਿੱਚ ਸੰਗਰੂਰ, ਫਿਰੋਜ਼ਪੁਰ ਤੇ ਖਡੂਰ ਸਾਹਿਬ ਸ਼ਾਮਲ ਹਨ। ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੱਖਰੀ ਪਾਰਟੀ ਬਣਾ ਲਈ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ੇਰ ਸਿੰਘ ਗੁਬਾਇਆ ਵੀ ਕਾਂਗਰਸ ਨਾਲ ਹੱਥ ਮਿਲਾਈ ਬੈਠੇ ਹਨ।
ਅਕਾਲੀ ਦਲ ਲਈ ਇਨ੍ਹਾਂ ਸੀਟਾਂ ਤੋਂ ਤਕੜੇ ਉਮੀਦਵਾਰ ਲੱਭਣਾ ਵੱਡੀ ਚੁਣੌਤੀ ਹੋਏਗਾ। ਇਸ ਤੋਂ ਇਲਾਵਾ ਦੂਜੀਆਂ ਸੀਟਾਂ ਲਈ ਵੀ ਅਕਾਲੀ ਦਲ ਅਜਿਹੇ ਉਮੀਦਵਾਰ ਲੱਭ ਰਿਹਾ ਹੈ ਜਿਹੜਾ ਜਿੱਤ ਯਕੀਨੀ ਬਣਾ ਸਕੇ। ਇਸ ਲਈ ਅਕਾਲੀ ਦਲ ਸੀਨੀਅਰ ਲੀਡਰਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਰਣਨੀਤੀ ਘੜ ਰਿਹਾ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਵੀ ਬਾਗੀ ਹੋਏ ਬੈਠੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਹਲਕਿਆਂ ਤੋਂ ਵੀ 'ਆਪ' ਲਈ ਵੱਡੇ ਚਿਹਰੇ ਲੱਭਣਾ ਔਖਾ ਬਣਿਆ ਪਿਆ ਹੈ। ਸੂਤਰਾਂ ਮੁਤਾਬਕ 'ਆਪ' ਆਪਣੇ ਕੁਝ ਵਿਧਾਇਕਾਂ ਨੂੰ ਹੀ ਮੈਦਾਨ ਵਿੱਚ ਉਤਾਰ ਸਕਦੀ ਹੈ।
ਦੂਜੇ ਪਾਸੇ ਕਾਂਗਰਸ ਵਿੱਚ ਉਮੀਦਵਾਰੀ ਦੇ ਦਾਅਵੇਦਾਰਾਂ ਦੀ ਭੀੜ ਲੱਗੀ ਹੋਈ ਹੈ। ਮੈਦਾਨ ਵਿੱਚ ਕੋਈ ਤਕੜੀ ਵਿਰੋਧੀ ਧਿਰ ਦੀ ਅਣਹੋਂਦ ਕਰਕੇ ਕਾਂਗਰਸੀ ਆਪਣੀ ਜਿੱਤ ਯਕੀਨੀ ਸਮਝ ਰਹੇ ਹਨ। ਇਸ ਲਈ ਕਾਂਗਰਸ ਲਈ ਉਮੀਦਵਾਰਾਂ ਦੀ ਚੋਣ ਔਖਾ ਕਾਰਜ ਬਣਿਆ ਹੋਇਆ ਹੈ।