ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਸਭ ਠੀਕ ਨਹੀਂ ਹੈ। ਇਸ ਦਾ ਅੰਦਾਜ਼ਾ ਸੋਮਵਾਰ ਨੂੰ ਹੋਏ ਤਬਾਦਲਿਆਂ ਤੋਂ ਲਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਵੀਰੇਸ਼ ਕੁਮਾਰ ਭਾਵੜਾ ਨੂੰ ਹਟਾ ਕੇ ਏਡੀਜੀਪੀ ਵਰਿੰਦਰ ਕੁਮਾਰ ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਲਾ ਦਿੱਤਾ ਹੈ। ਭਾਵੜਾ ਨੂੰ ਪੰਜਾਬ ਹੋਮ ਗਾਰਡਜ਼ ਦਾ ਮੁਖੀ ਲਾਇਆ ਹੈ। ਇਹ ਤਬਦੀਲੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

ਚਰਚਾ ਹੈ ਕਿ ਇੰਟੈਲੀਜੈਂਸ ਵਿੰਗ ਨਾਲ ਪੁਲਿਸ ਦਾ ਸਹੀ ਤਾਲਮੇਲ ਨਾ ਹੋਣ ਕਰਕੇ ਇਹ ਤਬਦੀਲੀ ਕੀਤੀ ਗਈ ਹੈ। ਉਂਝ ਸੂਤਰਾਂ ਦਾ ਕਹਿਣਾ ਹੈ ਕਿ ਡੀਜੀਪੀ ਦਿਨਕਰ ਗੁਪਤਾ ਤੇ ਵੀਰੇਸ਼ ਕੁਮਾਰ ਭਾਵੜਾ ਵਿਚਾਲੇ ਸਬੰਧ ਸੁਖਾਵੇਂ ਨਹੀਂ ਸਨ। ਇਸ ਦਾ ਅਸਰ ਪੁਲਿਸ ਦੇ ਕੰਮ ਉੱਪਰ ਪੈ ਰਿਹਾ ਸੀ। ਇਸ ਨੂੰ ਵੇਖਦਿਆਂ ਸਰਕਾਰ ਨੇ ਇਹ ਅਹਿਮ ਤਬਾਦਲੇ ਕੀਤੇ ਹਨ।

ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿਚਾਲੇ ਕਾਫੀ ਖਿੱਚੋਤਾਣ ਚੱਲ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਇਸ ਵੇਲੇ ਮਾਮਲਾ ਹਾਈਕੋਰਟ ਵਿੱਚ ਹੈ। ਪੁਲਿਸ ਦੀ ਧੜੇਬੰਦੀ ਕੈਪਟਨ ਸਰਕਾਰ ਲਈ ਵੀ ਸਿਰਦਰਦੀ ਬਣੀ ਹੋਈ ਹੈ। ਇਸ ਕਰਕੇ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਵੀ ਵਿਗੜੀ ਹੈ। ਹੁਣ ਸਰਕਾਰ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਸੇ ਤਹਿਤ ਸਰਕਾਰ ਨੇ ਕੁਝ ਹੋਰ ਪੁਲਿਸ ਅਫਸਰਾਂ ਦੇ ਵੀ ਤਬਾਦਲੇ ਕੀਤੇ ਹਨ। ਜਾਰੀ ਲਿਸਟ ਮੁਤਾਬਕ ਗੁਰਪ੍ਰੀਤ ਕੌਰ ਦਿਓ ਨੂੰ ਵਧੀਕ ਡੀਜੀਪੀ ਕਮਿਊਨਿਟੀ ਮਾਮਲੇ ਤੇ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ, ਐਸਕੇ ਅਸਥਾਨਾ ਨੂੰ ਵਧੀਕ ਡੀਜੀਪੀ ਮਨੁੱਖੀ ਹੱਕ, ਸ਼ਸ਼ੀ ਪ੍ਰਭਾ ਦਿਵੇਦੀ ਨੂੰ ਵਧੀਕ ਡੀਜੀਪੀ ਲੋਕ ਪਾਲ, ਡਾ. ਨਰੇਸ਼ ਅਰੋੜਾ ਨੂੰ ਵਧੀਕ ਡੀਜੀਪੀ ਸਟੇਟ ਕ੍ਰਾਈਮ ਰਿਕਾਰਡ ਬਿਊਰੋ, ਰਾਮ ਸਿੰਘ ਨੂੰ ਵਧੀਕ ਡੀਜੀਪੀ ਮਾਡਰਨਾਈਜੇਸ਼ਨ, ਐਸਐਸ ਸ੍ਰੀਵਾਸਤਵਾ ਨੂੰ ਵਧੀਕ ਡੀਜੀਪੀ ਸੁਰੱਖਿਆ, ਪਰਵੀਨ ਕੁਮਾਰ ਨੂੰ ਵਧੀਕ ਡੀਜੀਪੀ ਜੇਲ੍ਹਾਂ, ਬੀ. ਚੰਦਰ ਸ਼ੇਖਰ ਨੂੰ ਵਧੀਕ ਡੀਜੀਪੀ ਕਰਾਈਮ ਤੇ ਅੰਦਰੂਨੀ ਵਿਜੀਲੈਂਸ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਏਐਸ ਰਾਏ ਨੂੰ ਵਧੀਕ ਡੀਜੀਪੀ ਮਨੁੱਖੀ ਵਸੀਲੇ, ਵੀ. ਨੀਰਜਾ ਨੂੰ ਵਧੀਕ ਡੀਜੀਪੀ ਵੈੱਲਫੇਅਰ, ਅਨੀਤਾ ਪੁੰਜ ਨੂੰ ਵਧੀਕ ਡੀਜੀਪੀ. ਪੁਲਿਸ ਸਿਖਲਾਈ ਅਕੈਡਮੀ ਫਿਲੌਰ, ਵਿਭੂ ਰਾਜ ਨੂੰ ਆਈਜੀ ਮਾਡਰਨਾਈਜੇਸ਼ਨ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਕਰਾਈਮ, ਐਮਐਸ ਛੀਨਾ ਨੂੰ ਆਈਜੀ ਮਨੁੱਖੀ ਅਧਿਕਾਰ ਆਈਜੀ ਕਰਾਈਮ ਦਾ ਵਾਧੂ ਚਾਰਜ, ਮੋਹਨੀਸ਼ ਚਾਵਲਾ ਨੂੰ ਆਈਜੀ ਆਈਆਰਬੀ ਤੇ ਕਰ ਤੇ ਆਬਕਾਰੀ ਵਿਭਾਗ ਦਾ ਚਾਰਜ, ਐਸਕੇ ਸਿੰਘ ਨੂੰ ਆਈਜੀ ਕਰਾਈਮ ਤੇ ਔਰਤਾਂ ਖ਼ਿਲਾਫ਼ ਅਪਰਾਧ ਤੇ ਹਰਦਿਆਲ ਸਿੰਘ ਮਾਨ ਨੂੰ ਡੀਆਈਜੀ ਫਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ।