ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲਖੀਮਪੁਰ ਖੀਰੀ ਵਿਖੇ ਤਿੰਨ ਰੋਜ਼ਾ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਦੋ ਦਰਜਨ ਵੱਡੀਆਂ ਬੱਸਾਂ ਸਣੇ ਦਰਜਨਾਂ ਛੋਟੇ ਵੱਡੇ ਵਹੀਕਲਾਂ 'ਚ ਸਵਾਰ ਹੋ ਕੇ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ 2000 ਦੇ ਕਰੀਬ ਕਿਸਾਨ ਮਜ਼ਦੂਰ ਅੱਜ ਸਵੇਰੇ ਪਾਤੜਾਂ, ਡੱਬਵਾਲੀ ਅਤੇ ਸ਼ੰਭੂ ਬਾਰਡਰਾਂ ਰਾਹੀਂ ਰਵਾਨਾ ਹੋਏ।
ਇਥੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਮੋਰਚਾ ਦਿੱਲੀ ਕਿਸਾਨ ਮੋਰਚੇ ਦੌਰਾਨ ਕੇਂਦਰੀ ਮੰਤਰੀ ਦੇ ਬੇਟੇ ਅਜੈ ਟੈਣੀ ਦੇ ਗੁੰਡਾ ਗ੍ਰੋਹ ਵੱਲੋਂ ਲਖੀਮਪੁਰ ਖੀਰੀ ਵਿਖੇ ਗੱਡੀਆਂ ਥੱਲੇ ਦਰੜ ਕੇ ਸ਼ਹੀਦ ਕੀਤੇ ਗਏ ਪੰਜ ਕਿਸਾਨਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦਿਵਾਉਣ ਲਈ ਲਾਇਆ ਜਾ ਰਿਹਾ ਹੈ।
ਇਸ ਮੌਕੇ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਤੋਂ ਇਲਾਵਾ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਉਲਟਾ ਕਿਸਾਨਾਂ ਸਿਰ ਮੜ੍ਹੇ ਗਏ ਪੁਲਿਸ ਕੇਸ ਵਾਪਸ ਲੈਣ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਇਹ ਮੋਰਚਾ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਕਿਸਾਨ ਮੋਰਚੇ ਦੀਆਂ ਲਟਕਦੀਆਂ ਮੰਗਾਂ ਨੂੰ ਮੋਦੀ ਸਰਕਾਰ ਵੱਲੋਂ ਕੀਤੇ ਗਏ ਲਿਖਤੀ ਵਾਅਦੇ ਅਨੁਸਾਰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਗਏ ਦੇਸ਼ ਵਿਆਪੀ ਸੰਘਰਸ਼ ਦਾ ਹੀ ਹਿੱਸਾ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਉਪਰੋਕਤ ਵੱਖ ਵੱਖ ਰੂਟਾਂ ਰਾਹੀਂ ਬਾਅਦ ਦੁਪਹਿਰ ਦਿੱਲੀ ਕੁੰਡਲੀ ਬਾਰਡਰ ਵਿਖੇ ਪਹੁੰਚ ਕੇ ਇਹ ਇੱਕਜੁਟ ਵਿਸ਼ਾਲ ਕਾਫ਼ਲਾ ਆਪਣੀ ਮੰਜ਼ਿਲ ਵੱਲ ਅੱਗੇ ਵਧੇਗਾ। ਕਿਸਾਨਾਂ ਪਾਸ ਆਪਣੇ ਹਿਫਾਜ਼ਤੀ ਦਸਤਿਆਂ ਸਮੇਤ ਲੰਗਰ ਅਤੇ ਹੋਰ ਜ਼ਰੂਰੀ ਸਾਮਾਨ ਦਾ ਇੰਤਜ਼ਾਮ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ
ਇਹ ਵੀ ਪੜ੍ਹੋ: Viral News: ਪਾਲਤੂ ਅਜਗਰ ਨੇ ਖੋਹਿਆ ਮਾਲਕ ਦਾ ਸਾਹ, ਬੇਰਹਿਮੀ ਨਾਲ ਉਤਾਰ ਦਿੱਤਾ ਮੌਤ ਦੇ ਘਾਟ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ